ਸ੍ਰੀ ਫ਼ਤਹਿਗੜ੍ਹ ਸਾਹਿਬ/27 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋੰ ਬੜੇ ਉਤਸ਼ਾਹ ਨਾਲ ਰਾਸ਼ਟਰੀ ਕੈਮਿਸਟਰੀ ਸਪਤਾਹ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਦੀਆਂ ਵੱਖ-ਵੱਖ ਉਸਾਰੂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦੇ ਕੈਮਿਸਟਰੀ ਸਪਤਾਹ ਦਾ ਥੀਮ 'ਕੈਮਿਸਟਰੀ ਇਜ਼ ਸ਼ੇਪਿੰਗ ਦਿ ਫਿਊਚਰ' ਸੀ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੋਜ਼ਾਨਾ ਜੀਵਨ ਵਿਚ ਕੈਮਿਸਟਰੀ ਦੀ ਮਹੱਤਵਪੂਰਨ ਭੂਮਿਕਾ ਸਬੰਧੀ ਜਾਗਰੂਕ ਕਰਨਾ ਸੀ।
ਇਸ ਸਪਤਾਹ ਦੌਰਾਨ ਕੈਮਿਸਟਰੀ ਵਿਭਾਗ ਵੱਲੋਂ ਰੰਗੋਲੀ ਮੁਕਾਬਲਾ, ਪਾਵਰ-ਪੁਆਇੰਟ ਪੇਸ਼ਕਾਰੀਆਂ, ਦੋ ਮਿੰਟ ਦਾ ਭਾਸ਼ਣ ਮੁਕਾਬਲਾ, ਕੁਇਜ਼ ਅਤੇ ਪੋਸਟਰ ਪ੍ਰਦਰਸ਼ਨੀ ਮੁਕਾਬਲਿਆਂ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਦੋ ਮਿੰਟ ਦੇ ਭਾਸ਼ਣ ਮੁਕਾਬਲੇ ਵਿੱਚ ਰਸਾਇਣ ਵਿਗਿਆਨ ਅਤੇ ਸਵੱਛ ਊਰਜਾ, ਰਸਾਇਣ ਵਿਗਿਆਨ ਅਤੇ ਸਮਾਰਟ ਸਮਗਰੀ ਅਤੇ ਰਸਾਇਣ ਵਿਗਿਆਨ ਰਾਹੀਂ ਸਿਹਤ ਸੰਭਾਲ ਵਿੱਚ ਸੁਧਾਰ ਉਪ ਥੀਮ ਰੱਖੇ ਸਨ ਜਦਕਿ ਪੋਸਟਰ ਪੇਸ਼ਕਾਰੀ ਮੁਕਾਬਲੇ ਦਾ ਥੀਮ ਫ਼ੋਟੋਗ੍ਰਾਫ਼ੀ ਵਿੱਚ ਕੈਮਿਸਟਰੀ ਦੀ ਭੂਮਿਕਾ, ਫੋਟੋਸੰਵੇਦਨਸ਼ੀਲਤਾ ਅਤੇ ਰੌਸ਼ਨੀ ਨਾਲ ਪ੍ਰਤੀਕਿਰਿਆ ਅਤੇ ਆਧੁਨਿਕ ਤਕਨਾਲੋਜੀਆਂ, ਦਵਾਈਆਂ ਅਤੇ ਪੁਲਾੜ ਖੋਜ ਵਿੱਚ ਇਮੇਜਿੰਗ ਦੀ ਭੂਮਿਕਾ ਆਦਿ ਥੀਮ ਰੱਖੇ ਸਨ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਰੋਜ਼ਾਨਾ ਜ਼ਿੰਦਗੀ ਵਿਚ ਰਸਾਇਣ ਵਿਗਿਆਨ ਦੀ ਮਹੱਤਤਾ 'ਤੇ ਚਾਨਣਾ ਪਾਉੰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਸਮਾਗਮ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਵਧੀਆ ਭਾਗੀਦਾਰੀ ਸੀ ਅਤੇ ਇਹ ਸਮਾਗਮ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਸਿੱਖਿਆਦਾਇਕ ਅਨੁਭਵ ਸਾਬਤ ਹੋਇਆ ਹੈ। ਇਸ ਮੌਕੇ ਪ੍ਰੋ. ਸਿਮਰਤ ਕੌਰ, ਡਾ. ਕਿਰਨ, ਡਾ. ਕੁਲਦੀਪ ਕੌਰ, ਪ੍ਰੋ. ਸੀਮਾ ਮਹੇਸ਼ਵਰੀ, ਡਾ. ਮਨਪ੍ਰੀਤ ਕੌਰ, ਡਾ. ਪ੍ਰੀਤੀ ਕੁੱਕੜ, ਪ੍ਰੋ. ਗੁਰਲੀਨ ਕੌਰ, ਪ੍ਰੋ. ਮਨਪ੍ਰੀਤ ਕੌਰ ਗਿੱਲ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।