ਸ੍ਰੀ ਫ਼ਤਹਿਗੜ੍ਹ ਸਾਹਿਬ/ 24 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
“ਸੈਂਟਰ ਦੀ ਮੋਦੀ ਹਕੂਮਤ ਨੇ ਪੰਜਾਬ ਅਤੇ ਮੁਲਕ ਦੇ ਕਿਸਾਨ ਵਰਗ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ । ਕਿਉਂਕਿ ਪਹਿਲੇ ਕਿਸਾਨ ਵਿਰੋਧੀ ਤਿੰਨ ਬਿਲ ਲਿਆਂਦੇ ਗਏ ਫਿਰ ਕੌਮਾਂਤਰੀ ਦਬਾਅ ਪੈਣ ਦੀ ਬਦੌਲਤ ਵਾਪਸ ਲਏ ਗਏ । ਪਰ ਕਿਸਾਨਾਂ ਨਾਲ ਐਮ.ਐਸ.ਪੀ ਅਤੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਵੀ ਕੋਈ ਵੀ ਵਾਅਦਾ ਪੂਰਾ ਨਾ ਕੀਤਾ । ਜਿਸ ਕਾਰਨ ਪੰਜਾਬ ਤੋਂ ਇਨ੍ਹਾਂ ਦਾ ਇੱਕ ਵੀ ਐਮ.ਪੀ. ਨਹੀ ਜਿੱਤਿਆ।ਇਨ੍ਹਾਂ ਨੇ ਕਿਸਾਨ, ਖੇਤ-ਮਜਦੂਰ, ਛੋਟੇ ਵਪਾਰੀ ਆਦਿ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਨਾ ਤਾਂ ਪਾਕਿਸਤਾਨ ਨਾਲ ਸਰਹੱਦਾਂ ਨੂੰ ਖੋਲਿਆ ਅਤੇ ਨਾ ਹੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਕੋਈ ਅਮਲ ਕੀਤਾ ਗਿਆ। ਇਹੀ ਵਜਹ ਹੈ ਕਿ ਮੋਦੀ ਦੀ ਬੀਜੇਪੀ ਪਾਰਟੀ ਪੰਜਾਬ-ਹਰਿਆਣਾ, ਯੂਪੀ ਅਤੇ ਹੋਰ ਬਹੁਤ ਸਾਰੇ ਸੂਬਿਆਂ ਵਿਚ ਬੁਰੀ ਤਰ੍ਹਾਂ ਹਾਰੀ । ਹੁਣ ਬਦਲੇ ਦੀ ਭਾਵਨਾ ਅਧੀਨ ਪਾਸ ਕੀਤੇ ਗਏ ਬਜਟ ਵਿਚ ਪੰਜਾਬ ਅਤੇ ਪੰਜਾਬੀਆਂ ਨੂੰ ਬਿਲਕੁਲ ਨਜਰਅੰਦਾਜ ਕਰ ਦਿੱਤਾ ਗਿਆ। ਜਦੋ ਕਿ ਬਿਹਾਰ ਤੇ ਆਧਰਾ ਪ੍ਰਦੇਸ ਵਰਗੇ ਸੂਬਿਆਂ ਨੂੰ ਗੱਫੇ ਦਿੱਤੇ ਗਏ । ਕਿਉਂਕਿ ਉਨ੍ਹਾਂ ਦੀਆਂ ਫੌੜੀਆ ਸਹਾਰੇ ਹੀ ਮੋਦੀ ਸਰਕਾਰ ਚੱਲ ਰਹੀ ਹੈ ।”ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਮੋਦੀ ਹਕੂਮਤ ਅਤੇ ਵਿੱਤ ਮੰਤਰੀ ਬੀਬੀ ਸੀਤਾਰਮਨ ਵੱਲੋ ਪਾਸ ਕੀਤੇ ਗਏ ਸਲਾਨਾ ਬਜਟ ਵਿਚ ਪੰਜਾਬ,ਪੰਜਾਬੀਆਂ ਅਤੇ ਕਿਸਾਨਾਂ ਨੂੰ ਬਿਲਕੁਲ ਨਜਰਅੰਦਾਜ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ।