ਸ੍ਰੀ ਫ਼ਤਹਿਗੜ੍ਹ ਸਾਹਿਬ/26 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਦੇਣ ਵਡਮੁੱਲੀ ਹੈ। ਉਹਨਾਂ ਨੇ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਸ਼ਬਦਾਂ ਜ਼ਰੀਏ ਸਾਂਭਿਆ ਹੈ, ਉੱਥੇ ਮਨੁੱਖੀ ਜੀਵਨ ਦੇ ਵਿਖੜੇ ਪੈਂਡਿਆਂ ਦੀਆਂ ਬਾਤਾਂ ਨੂੰ ਵੀ ਸ਼ਬਦਾਂ ਰੂਪੀ ਮੋਤੀਆਂ ਵਿੱਚ ਪਰੋਇਆ ਹੈ। ਉਹਨਾਂ ਦੀਆਂ ਲਿਖਤਾਂ ਜਿੱਥੇ ਸਾਡੇ ਅਮੀਰ ਵਿਰਸੇ ਨੂੰ ਅਗਲੀਆਂ ਪੀੜ੍ਹੀਆਂ ਤਕ ਪੁੱਜਦਾ ਕਰ ਰਹੀਆਂ ਹਨ, ਉੱਥੇ ਆਉਣ ਵਾਲੀਆਂ ਨਸਲਾਂ ਨੂੰ ਜ਼ਿੰਦਗੀ ਦੀਆਂ ਔਕੜਾਂ ਨੂੰ ਪਾਰ ਕਰਨ ਦੀ ਜਾਚ ਵੀ ਦੱਸ ਰਹੀਆਂ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਵੰਤ ਸਿੰਘ ਜਫ਼ਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ਼ ਰਸਮੀ ਮਿਲਣੀ ਦੌਰਾਨ ਕੀਤਾ। ਇਸ ਮੌਕੇ ਜ਼ਫ਼ਰ ਨੇ ਵਿਦੇਸ਼ਾਂ 'ਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਸਬੰਧੀ ਦਰਪੇਸ਼ ਦਿੱਕਤਾਂ ਅਤੇ ਬੱਚਿਆਂ 'ਚ ਸਾਹਿਤ ਪ੍ਰਤੀ ਅਵੇਸਲੇਪਣ ਬਾਬਤ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੇ ਰਾਹ ਦਸੇਰੇ ਬਣਦੇ ਹੋਏ ਖ਼ੁਦ ਸਾਹਿਤ ਪੜ੍ਹਨ ਤੇ ਬੱਚਿਆਂ ਨੂੰ ਇਸ ਨਾਲ਼ ਜੋੜਨ ਕਿਉਂਕਿ ਬੱਚਿਆਂ ਨੇ ਬਹੁਤ ਕੁਝ ਮਾਪਿਆਂ ਦੇ ਕੇਵਲ ਕਹਿਣ ਨਾਲ ਹੀ ਨਹੀਂ ਸਗੋਂ ਮਾਪਿਆਂ ਨੂੰ ਕੰਮ ਕਰਦੇ ਦੇਖ ਕੇ ਸਿੱਖਣਾ ਹੁੰਦਾ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਵਿਸ਼ੇਸ਼ ਤੌਰ 'ਤੇ ਲੱਡੂਆਂ ਨਾਲ਼ ਸਮੂਹ ਹਾਜ਼ਰੀਨ ਦਾ ਮੂੰਹ ਮਿੱਠਾ ਕਰਵਾਇਆ ਤੇ ਕਿਹਾ, "ਪੰਜਾਬੀ ਭਾਈਚਾਰੇ ਵਿੱਚ ਕਿਸੇ ਵੀ ਖ਼ੁਸ਼ੀ ਮੌਕੇ ਲੱਡੂ ਵੰਡ ਕੇ ਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸਾਡੇ ਲੇਖਕ ਭਾਈਚਾਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਇੱਕ ਲੇਖਕ ਇਸ ਮਾਣ ਮੱਤੇ ਅਹੁਦੇ 'ਤੇ ਸੁਸ਼ੋਭਿਤ ਹੋਇਆ ਹੈ। ਇਹ ਮਿਲਣੀ ਇੱਕ ਭਾਈਚਾਰਕ ਸਾਂਝ ਦੀ ਮਿਲਣੀ ਹੈ।" ਜ਼ਫ਼ਰ ਵੱਲੋਂ ਪੁੱਛੇ ਜਾਣ 'ਤੇ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਬਾਰੇ ਕੀਤੇ ਜਾਂਦੇ ਸਾਹਿਤਕ ਸਮਾਗਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਰ ਸਾਲ ਦਸੰਬਰ ਵਿੱਚ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਕੂੰਜੀਵਤ ਭਾਸ਼ਨ ਤੇ ਕਵੀ ਦਰਬਾਰ ਹੁੰਦਾ ਹੈ। ਸਮੇਂ-ਸਮੇਂ 'ਤੇ ਸਭਾ ਦੇ ਮੈਂਬਰਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਂਦੀਆਂ ਹਨ ਤੇ ਹਰ ਮਹੀਨੇ ਸਾਹਿਤਕ ਇਕੱਤਰਤਾ ਕੀਤੀ ਜਾਂਦੀ ਹੈ। ਨਵੇਂ ਤੇ ਅਣਗੌਲ਼ੇ ਲੇਖਕਾਂ ਨੂੰ ਅੱਗੇ ਲਿਆਉਣ ਦੇ ਸਾਰਥਕ ਯਤਨ ਕੀਤੇ ਜਾਂਦੇ ਹਨ। ਸਭਾ ਨਾਲ ਸਬੰਧਤ ਆਰਥਿਕ ਤੌਰ ਉੱਤੇ ਘੱਟ ਸਮੱਰਥਾ ਵਾਲੇ ਅਤੇ ਹੁਣ ਤਕ ਗਿਣਤੀ ਵਿੱਚ ਘੱਟ ਪਰ ਮਿਆਰ ਪੱਖੋਂ ਚੰਗੀਆਂ ਰਚਨਾਵਾਂ ਵਾਲੇ ਲੇਖਕਾਂ ਦੇ 02 ਕਾਵਿ ਸੰਗ੍ਰਹਿ ਤੇ 01 ਨਿਬੰਧ ਸੰਗ੍ਰਹਿ ਦੀ ਸੰਪਾਦਨਾ ਵੀ ਉਹਨਾਂ ਨੇ ਕੀਤੀ ਹੈ। ਇਹ ਸਾਰਾ ਕੁਝ ਜਾਣ ਕੇ ਜਸਵੰਤ ਸਿੰਘ ਜਫ਼ਰ ਨੇ ਖੁਸ਼ੀ ਪ੍ਰਗਟਾਈ ਤੇ ਇਸੇ ਤਰ੍ਹਾਂ ਕਾਰਜਸ਼ੀਲ ਰਹਿਣ ਲਈ ਪ੍ਰੇਰਿਆ।
ਇਸ ਦੌਰਾਨ ਸਭਾ ਦੇ ਮਰਹੂਮ ਮੈਂਬਰ ਤੇ ਬੀਬੀ ਸਰਹਿੰਦ ਦੇ ਪਤੀ ਊਧਮ ਸਿੰਘ ਵੱਲੋਂ ਸਭਾ ਨੂੰ ਚਲਾਉਣ ਵਿੱਚ ਪਾਏ ਯੋਗਦਾਨ ਲਈ ਸਮੂਹ ਹਾਜ਼ਰੀਨ ਅਤੇ ਸ. ਜ਼ਫ਼ਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਬੀਬੀ ਪਰਮਜੀਤ ਕੌਰ ਦੇ ਪੁੱਤਰ ਸਵਰਗੀ ਦਿਲਰਾਜ ਸਿੰਘ ਰਾਜਾ ਨੂੰ ਵੀ ਯਾਦ ਕੀਤਾ ਗਿਆ। ਸਮੂਹ ਹਾਜ਼ਰੀਨ ਨੇ ਸ.ਜਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਡਾਇਰੈਕਟਰ ਬਣਨ 'ਤੇ ਵਧਾਈ ਦਿੱਤੀ। ਪਰਿਵਾਰ ਤੇ ਮੇਜ਼ਬਾਨਾਂ ਵੱਲੋਂ ਜਸਵੰਤ ਸਿੰਘ ਜਫ਼ਰ ਨੂੰ ਦਸਤਾਰ, ਦੋਸ਼ਾਲਾ, ਲੱਡੂ ਅਤੇ ਪਰਮਜੀਤ ਕੌਰ ਸਰਹਿੰਦ ਦੀਆਂ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਾ ਦੇ ਕਾਨੂੰਨੀ ਸਲਾਹਕਾਰ ਰਾਮਿੰਦਰ ਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰੋ਼. ਸਾਧੂ ਸਿੰਘ ਪਨਾਗ, ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ,ਸਕੱਤਰ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਢਿੱਲੋਂ, ਕੈਸ਼ੀਅਰ ਅਵਤਾਰ ਸਿੰਘ ਪੁਆਰ, ਕਾਰਜ ਕਾਰਨੀ ਮੈਂਬਰ ਪ੍ਰੋ. ਦੇਵ ਮਲਿਕ, ਮੈਂਬਰ ਕੁਲਦੀਪ ਸਿੰਘ ਸਨੌਰ, ਬੀਬੀ ਪਰਮਜੀਤ ਕੌਰ ਸਰਹਿੰਦ ਦੀ ਬਰਮਿੰਘਮ (ਇੰਗਲੈਂਡ) ਤੋਂ ਆਈ ਧੀ ਡਾ. ਸਨਦੀਪ ਕੌਰ ਤੇ ਨੂੰਹ ਰੁਪਿੰਦਰਜੀਤ ਕੌਰ ਰਵੀ ਵੀ ਇਸ ਮਿਲਣੀ ਵਿੱਚ ਸ਼ਾਮਲ ਹੋਈਆਂ।