ਸ੍ਰੀ ਫ਼ਤਹਿਗੜ੍ਹ ਸਾਹਿਬ/ 26 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਪਿੰਡ ਰਾਮਪੁਰ ਵਿਖੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਘਰ ਵਿੱਚ ਸੁੱਤੇ ਪਏ ਇੱਕ ਵਿਅਕਤੀ 'ਤੇ ਤੇਜ਼ਾਬ ਸੁੱਟ ਕੇ ਉਸਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਵਾਸੀ ਪਿੰਡ ਰਾਮਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਪਤੀ ਅਮਨਦੀਪ ਸਿੰਘ(42) ਪ੍ਰਾਈਵੇਟ ਨੌਕਰੀ ਕਰਦਾ ਹੈ ਜੋ ਕਿ 24 ਜੁਲਾਈ ਦੀ ਰਾਤ ਨੂੰ ਆਪਣੀਆਂ ਦੋ ਧੀਆਂ ਅਤੇ ਪਤਨੀ ਸਮੇਤ ਘਰ ਵਿਚਲੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਰਾਤ ਨੂੰ ਕਰੀਬ 1 ਵਜੇ ਕਿਸੇ ਨਾਮਾਲੂਮ ਵਿਅਕਤੀ/ਵਿਅਕਤੀਆਂ ਨੇ ਉਨਾਂ ਦੀ ਕਮਰੇ ਦੀ ਕੂਲਰ ਵਾਲੀ ਖਿੜਕੀ 'ਚੋਂ ਉਸਦੇ ਪਤੀ ਉੱਪਰ ਤੇਜ਼ਾਬ/ਜਲਣਸ਼ੀਲ ਪਦਾਰਥ ਸੁੱਟ ਦਿੱਤਾ ਜਿਸ ਕਾਰਨ ਉਸਦੇ ਪਤੀ ਦਾ ਮੂੰਹ,ਅੱਖਾਂ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਕਾਫੀ ਜਲਣ ਹੋਣ ਲੱਗ ਪਈ ਤੇ ਉਸਦਾ ਬਿਸਤਰਾ ਅਤੇ ਕੱਪੜੇ ਵੀ ਸੜ ਗਏ।ਜਿਸ ਉਪਰੰਤ ਉਸਦੇ ਪਤੀ ਨੂੰ ਸੈਕਟਰ 32 ਹਸਪਤਾਲ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।ਅਮਨਦੀਪ ਸਿੰਘ ਦੀ ਪਤਨੀ ਦੇ ਬਿਆਨਾਂ 'ਤੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਨਾਮਾਲੂਮ ਵਿਅਕਤੀ/ਵਿਅਕਤੀਆਂ ਵਿਰੁੱਧ ਅ/ਧ 124(1) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ।ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਅਨੁਸਾਰ ਅਮਨਦੀਪ ਸਿੰਘ ਸ਼ਰੀਫ ਕਿਸਮ ਦਾ ਵਿਅਕਤੀ ਹੈ ਜਿਸ ਦਾ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੁਣਿਆ।ਹੈਰਾਨੀ ਦੀ ਗੱਲ ਹੈ ਕਿ ਅਜਿਹੇ ਵਿਅਕਤੀ 'ਤੇ ਕਿਸੇ ਵੱਲੋਂ ਅਜਿਹੇ ਘਿਨਾਉਣੇ ਤਰੀਕੇ ਨਾਲ ਹਮਲਾ ਕਿਉਂ ਕੀਤਾ ਗਿਆ ਹੋ ਸਕਦਾ ਹੈ?