ਸ੍ਰੀ ਫ਼ਤਹਿਗੜ੍ਹ ਸਾਹਿਬ/27 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਪਿਛਲੀਆਂ ਸਰਕਾਰ ਸਮੇਂ 2016 ਦੇ ਵਿੱਚ ਜੀ.ਡੀ.ਸੀ.ਐਲ. ਕੰਪਨੀ ਨਾਲ ਸੀਵਰੇਜ ਦੇ ਕੰਮਾਂ ਸਬੰਧੀ 2026 ਤੱਕ ਜੋ ਕੰਟਰੈਕਟ ਹੋਇਆ ਸੀ, ਉਸ ਨੂੰ ਲੰਮੇ ਸੰਘਰਸ਼ ਤੋਂ ਬਾਅਦ ਰੱਦ ਕਰਵਾ ਦਿੱਤਾ ਗਿਆ ਹੈ। ਹੁਣ ਸੀਵਰੇਜ ਨਾਲ ਸੰਬੰਧਤ ਕੰਮ ਦੀ ਪੂਰੀ ਜਿੰਮੇਵਾਰੀ ਸੀਵਰੇਜ ਬੋਰਡ ਦੇ ਕੋਲ ਚਲੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਇਸ ਕੰਪਨੀ ਵੱਲੋਂ ਸਰਕਾਰ ਕੋਲੋਂ ਪੈਸਾ ਤਾਂ ਲਿਆ ਜਾਂਦਾ ਸੀ ਪ੍ਰੰਤੂ ਲੋਕਾਂ ਦੀ ਸੁੱਖ ਸਹੂਲਤ ਮੁਤਾਬਕ ਕੰਮ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨਾਂ ਨੂੰ ਗਲੀਆਂ ਮੁਹੱਲਿਆਂ ਚ ਜਾਂਦੇ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਮਿਲਦੀ ਸੀ, ਕੰਪਨੀ ਦੇ ਅਧਿਕਾਰੀਆਂ ਨੂੰ ਬਾਰ-ਬਾਰ ਕਹਿਣ ਤੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੀ। ਜਿਸ ਤੇ ਉਕਤ ਮਾਮਲਾ ਸਬੰਧਤ ਵਿਭਾਗ ਦੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਅਸੀਂ ਉਕਤ ਠੇਕੇ ਨੂੰ ਰੱਦ ਕਰਵਾਉਣ ਦੇ ਵਿੱਚ ਸਫਲ ਹੋਏ। ਸੀਵਰੇਜ ਬੋਰਡ ਵੱਲੋਂ ਉਕਤ ਪ੍ਰਬੰਧ ਦੇਖਿਆ ਜਾਵੇਗਾ ਜਿਸ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਹੋ ਸਕੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਲੋਕਾਂ ਨਾਲ ਵਾਧਾ ਹੈ ਕਿ ਉਨਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਵਾਇਆ ਜਾਵੇਗਾ।