ਸ੍ਰੀ ਫ਼ਤਹਿਗੜ੍ਹ ਸਾਹਿਬ/29 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਵਿਖੇ ਅੰਡਰ ਗ੍ਰੈਜੂਏਟ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਲਗਭਗ 550 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਕਾਲਜ ਦੇ ਵਿਜ਼ਨ, ਉਦੇਸ਼, ਕੋਡ ਆਫ਼ ਕੰਡਕਟ ਅਤੇ ਹੋਰ ਅਹਿਮ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਇੰਡਕਸ਼ਨ ਪ੍ਰੋਗਰਾਮ ਦੁਆਰਾ ਵਿਦਿਆਰਥੀਆਂ ਨੂੰ ਜਿੱਥੇ ਅਨੁਸ਼ਾਸਨੀ ਜੀਵਨ ਦੀ ਮਹੱਤਤਾ ਬਾਰੇ ਪਤਾ ਚੱਲਦਾ ਹੈ, ਉੱਥੇ ਨਾਲ ਹੀ ਮਹੱਤਵਪੂਰਨ ਕਦਰਾਂ-ਕੀਮਤਾਂ ਅਤੇ ਕਾਲਜ ਦੀਆਂ ਅਕਾਦਮਿਕ ਤੇ ਪਾਠਕ੍ਰਮ ਤੋਂ ਇਲਾਵਾ ਸਹਿ ਵਿਦਿਅਕ ਉਸਾਰੂ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ।ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ ਸਿੰਘ ਨੇ ਨਵੇਂ ਵਿਦਿਆਰਥੀਆਂ ਦਾ ਕਾਲਜ ਵਿੱਚ ਸਵਾਗਤ ਕਰਦਿਆਂ ਹੋਇਆ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਕਾਲਜ ਵਿੱਚ ਉਪਲਬਧ ਐਨ.ਸੀ.ਸੀ., ਐਨ.ਐਸ.ਐਸ., ਯੂ.ਬੀ.ਏ., ਰੈੱਡ ਕਰਾਸ, ਖੇਡ ਸੁਵਿਧਾਵਾਂ, ਲਾਇਬ੍ਰੇਰੀ, ਸਰਕਾਰੀ ਅਤੇ ਗੈਰ-ਸਰਕਾਰੀ ਸਕਾਲਰਸ਼ਿਪ, ਮਾਤਾ ਗੁਜਰੀ ਸਟੱਡੀ ਸਰਕਲ, ਰਿਕਾਰਡਿੰਗ ਰੂਮ, ਮੀਡੀਆ ਸੈਂਟਰ ਆਦਿ ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਜ ਦੀਆਂ ਖੇਤਰੀ, ਅੰਤਰ-ਖੇਤਰੀ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਹੋਏ ਵੱਖ-ਵੱਖ ਸੱਭਿਆਚਾਰਕ ਸਮਾਗਮਾਂ ਵਿੱਚ ਸ਼ਾਨਾਮੱਤੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅੰਗਰੇਜ਼ੀ ਵਿਭਾਗ ਦੇ ਡਾ. ਗੌਰੀ ਹਾਂਡਾ ਨੇ ਵਿਦਿਆਰਥੀਆਂ ਨੂੰ ਜਿੱਥੇ ਐਨ.ਈ.ਪੀ. 2020 ਦੇ ਪੈਟਰਨ ਅਨੁਸਾਰ ਪਾਠਕ੍ਰਮ ਵਿੱਚ ਹੋਏ ਬਦਲਾਅ ਦੀ ਜਾਣਕਾਰੀ ਦਿੱਤੀ, ਉਥੇ ਨਾਲ ਹੀ ਕਾਲਜ ਦੀ ਪ੍ਰੀਖਿਆ ਪ੍ਰਣਾਲੀ ਨਾਲ ਸਬੰਧਿਤ ਵੱਖ-ਵੱਖ ਜ਼ਰੂਰੀ ਨਿਯਮਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮਗਰੋਂ ਡੀਨ ਸੋਸ਼ਲ ਸਾਇੰਸਜ਼ ਅਤੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਨਵਜੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਕਾਲਜ ਵਿਖੇ ਵੱਖ-ਵੱਖ ਅਕਾਦਮਿਕ ਅਤੇ ਸਹਿਪਾਠੀ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅਖੀਰ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਅਕਾਦਮਿਕ ਡਾ. ਹਰਵੀਨ ਕੌਰ ਨੇ ਸਭ ਵਿਦਿਆਰਥੀਆਂ, ਵੱਖ-ਵੱਖ ਵਿਭਾਗਾਂ ਦੇ ਪ੍ਰੋਫ਼ੈਸਰ ਅਤੇ ਬੀ.ਏ. ਭਾਗ-ਪਹਿਲਾ ਦੀ ਦਾਖਲਾ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ, ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਦੀਪ ਕੌਰ, ਡਾ. ਸ਼ਵੇਤਾ ਸਹਿਗਲ, ਡਾ. ਹਰਜੀਤ ਕੌਰ, ਪ੍ਰੋ. ਕਿਰਨਦੀਪ ਕੌਰ ਤੋਂ ਇਲਾਵਾ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ।