ਸ੍ਰੀ ਫ਼ਤਹਿਗੜ੍ਹ ਸਾਹਿਬ/30 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਜਿਲੇ ਅੰਦਰ "ਨਿਕਸ਼ੇ ਮਿੱਤਰਾ" ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਟੀਬੀ ਦੀ ਬਿਮਾਰੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਦਾਨੀਆਂ ਦੀ ਸਹਾਇਤਾ ਨਾਲ ਹਰ ਮਹੀਨੇ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ"ਨਿਕਸ਼ੇ ਮਿੱਤਰਾ" ਪ੍ਰੋਗਰਾਮ ਦਾ ਮਕਸਦ ਦੇਸ਼ ਨੂੰ 2025 ਤੱਕ ਟੀਬੀ ਮੁਕਤ ਕਰਨਾ ਹੈ।ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ,ਪ੍ਰਤੀਨਿਧੀ ,ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ, ਕਾਰਪੋਰੇਸ਼ਨ ਜਾਂ ਕੰਪਨੀ ਜ਼ਿਲ੍ਹੇ ਦੇ ਕਿਸੇ ਵੀ ਟੀਬੀ ਮਰੀਜ਼ ਨੂੰ ਗੋਦ ਲੈ ਸਕਦੀ ਹੈ ਜੋ ਕਿ ਉਸ ਮਰੀਜ਼ ਨੂੰ 6 ਮਹੀਨੇ ਤੱਕ ਖਾਣ ਪੀਣ ਦਾ ਸਾਮਾਨ ਜਿਵੇਂ ਦਾਲਾਂ, ਅਨਾਜ , ਦੁੱਧ ਮੁਫ਼ਤ ਮੁਹੱਈਆ ਕਰਵਾਉਣਗੇ ਅਤੇ ਉਨ੍ਹਾਂ ਵੱਲੋਂ ਮਰੀਜ਼ ਨੂੰ ਪੌਸ਼ਟਿਕ ਖ਼ੁਰਾਕ ਦੇਣ ਤੋਂ ਇਲਾਵਾ ਉਸ ਦੀ ਜਾਂ ਉਸ ਦੇ ਪਰਿਵਾਰ ਨੂੰ ਕਿੱਤਾਮੁਖੀ ਸਿਖਲਾਈ ਦਵਾ ਕੇ ਤੇ ਇਲਾਜ ਪ੍ਰਬੰਧਨ ਵਿੱਚ ਵੀ ਉਸ ਦੀ ਮਦਦ ਕਰ ਸਕਦੇ ਹਨ।ਅਜਿਹੇ ਦਾਨੀ ਵਿਅਕਤੀਆਂ ਨੂੰ ਜਾਂ ਸੰਸਥਾਵਾਂ ਨੂੰ "ਨਿਕਸ਼ੇ ਮਿੱਤਰਾ " ਦਾ ਨਾਮ ਦਿੱਤਾ ਹੈ। ਡਾ. ਦਵਿੰਦਰਜੀਤ ਕੌਰ ਨੇ ਜਿਲ੍ਹਾ ਨਿਵਾਸੀਆਂ ਨੂੰ ਇਸ ਨੇਕ ਕੰਮ ਵਿਚ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਦਲਜੀਤ ਕੌਰ, ਅਕਵਿੰਦਰ ਕੌਰ, ਮਾਨਵ ਸ਼ਾਹ, ਧਰਮ ਸਿੰਘ ਅਤੇ ਟੀਬੀ ਦੇ ਮਰੀਜ਼ ਹਾਜ਼ਰ ਸਨ।