ਸ੍ਰੀ ਫ਼ਤਹਿਗੜ੍ਹ ਸਾਹਿਬ/ 30 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਸ੍ਰੀ ਫ਼ਤਹਿਗੜ੍ਹ ਨੂੰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 'ਨਿਊ ਲੈਂਡਸਕੇਪ ਇਨ ਹਾਇਰ ਐਜੂਕੇਸ਼ਨ ਚੈਲੇਂਜਿਜ਼ ਐਂਡ ਪ੍ਰਾਸਪੈਕਟ' ਵਿਸ਼ੇ 'ਤੇ ਕਰਵਾਈ ਵਿਸ਼ੇਸ਼ ਕਾਨਫ਼ਰੰਸ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਸਨਮਾਨ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੱਥੋਂ ਪ੍ਰਾਪਤ ਕੀਤਾ। ਵਰਣਨਯੋਗ ਹੈ ਕਿ ਇਸ ਕਾਨਫ਼ਰੰਸ ਵਿੱਚ ਪੰਜਾਬ ਦੇ ਉਨ੍ਹਾਂ ਪ੍ਰਮੁੱਖ ਕਾਲਜਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੂੰ ਨੈਸ਼ਨਲ ਅਸੈਸਮੈਂਟ ਅਤੇ ਐਕਰੈਡੀਟੇਸ਼ਨ ਕਾਊਂਸਲ (ਨੈਕ) ਬੰਗਲੌਰ ਵੱਲੋਂ 'ਏ' ਗ੍ਰੇਡ ਜਾਂ ਇਸ ਤੋਂ ਉੱਚ ਦਰਜੇ ਦੀ ਰੇਟਿੰਗ ਪ੍ਰਾਪਤ ਹੈ।ਇਸ ਸ਼ਲਾਘਾਯੋਗ ਪ੍ਰਾਪਤੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਇੰਜੀਨੀਅਰ ਸੁਖਮਿੰਦਰ ਸਿੰਘ ਨੇ ਕਾਲਜ ਦੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਪ੍ਰਾਪਤੀ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਇਹ ਸਨਮਾਨ ਕਾਲਜ ਦੇ ਸਮੂਹ ਸਟਾਫ਼ ਦੇ ਅਣਥੱਕ ਯਤਨਾਂ ਅਤੇ ਸਹਿਯੋਗ ਸਦਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਿਹਾ ਮਾਤਾ ਗੁਜਰੀ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਐਫ਼ੀਲੀਏਟਿਡ ਅਟੌਨੋਮਸ ਕਾਲਜ ਹੈ ਜਿਸ ਨੂੰ ਨੈਕ ਵੱਲੋਂ ਲਗਾਤਾਰ ਤਿੰਨ ਵਾਰ ਏ ਗਰੇਡ ਪ੍ਰਾਪਤ ਕਰਨ ਦਾ ਮਾਣਮੱਤਾ ਰੁਤਬਾ ਹਾਸਲ ਹੋਇਆ ਹੈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਹੋਰਨਾਂ ਕਾਲਜਾਂ ਨੂੰ ਵੀ ਨੈਕ ਦੀ ਐਕਰੈਡਿਟੇਸ਼ਨ ਕਰਵਾਉਣ ਲਈ ਉਤਸ਼ਾਹ ਮਿਲੇਗਾ।