ਸ੍ਰੀ ਫ਼ਤਹਿਗੜ੍ਹ ਸਾਹਿਬ /1 ਅਗਸਤ:(ਰਵਿੰਦਰ ਸਿੰਘ ਢੀਂਡਸਾ)ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ.ਦਵਿੰਦਰਜੀਤ ਕੌਰ ਨੇ ਜਿਲੇ ਅੰਦਰ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆ ਸਿਹਤ ਸੇਵਾਵਾਂ ਦੀ ਸਮੀਖਿਆ ਕਰਨ , ਵੈਕਟਰ ਬੌਰਨ, ਅਤੇ ਵਾਟਰ ਬੌਰਨ ਬਿਮਾਰੀਆਂ ਨੂੰ ਲਗਾਤਾਰ ਕਾਬੂ ਵਿੱਚ ਰੱਖਣ , ਪਾਣੀ ਦੀ ਸੈਂਪਲਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਵਿੱਚ ਵਾਧਾ ਕਰਨ ਲਈ ਜਿਲੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਬੁਲਾਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਜਿਲੇ ਵਿੱਚ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਭਾਵੇਂ ਕਾਬੂ ਹੇਠ ਹਨ ਪਰ ਫਿਰ ਵੀ ਇਹਨਾਂ ਪ੍ਰਤੀ ਸੁਚੇਤ ਰਿਹਾ ਜਾਵੇ ਤੇ ਇਹਨਾਂ ਤੋਂ ਬਚਣ ਲਈ ਪਾਣੀ ਦੀ ਸੈਂਪਲਿੰਗ ਵਧਾਉਣ, ਪਾਣੀ ਉਬਾਲ ਕੇ ਪੀਣ, ਪਰਸਨਲ ਹਾਈਜੀਨ, ਹੱਥ ਧੋਣ ਦੀ ਪ੍ਰਕਿਰਿਆ, ਲੋੜ ਪੈਣ ਤੇ ਓ.ਆਰ.ਐਸ. ਦੀ ਵਰਤੋਂ ਆਦਿ ਨੁਕਤਿਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਵੇਂ ਜਿਲੇ ਅੰਦਰ ਮਲੇਰੀਏ ਦਾ ਕੋਈ ਕੇਸ ਨਹੀਂ ਹੈ ਅਤੇ ਡੇਂਗੂ ਦਾ ਸਿਰਫ ਇੱਕ ਕੇਸ ਰਿਪੋਰਟ ਹੋਇਆ ਹੈ, ਫਿਰ ਵੀ ਇਸ ਸਥਿਤੀ ਨੂੰ ਲਗਾਤਾਰ ਕਾਬੂ ਵਿੱਚ ਹੀ ਰੱਖਿਆ ਜਾਵੇ। ਉਹਨਾਂ ਹਦਾਇਤ ਕਰਦਿਆਂ ਕਿਹਾ ਕਿ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਦੀਆਂ 10 ਪ੍ਰਤੀਸ਼ਤ ਖੂਨ ਦੀਆਂ ਸਲਾਈਡਾਂ ਬਣਾਈਆਂ ਜਾਣ ਅਤੇ ਐਕਟਿਵ ਸਲਾਈਡਾਂ ਵਿੱਚ ਵੀ ਵਾਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਟੋਕਨ ਸਿਸਟਮ ਲਾਗੂ ਕੀਤਾ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੰਸਥਾ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਓਪੀਡੀ ਸਲਿਪ ਬਣਾਉਣ ਲਈ ਜਿਆਦਾ ਸਮਾਂ ਨਾ ਲਗਾਇਆ ਜਾਵੇ । ਉਹਨਾਂ ਕਿਹਾ ਕਿ ਟੀਬੀ ਦੇ ਮਰੀਜ਼ਾਂ ਨੂੰ ਅਡੋਪਟ ਕਰਾਉਣ ਲਈ ਵੱਧ ਤੋਂ ਵੱਧ ਨਿਕਸੇ ਮਿੱਤਰ ਬਣਾਏ ਜਾਣ ਤਾਂ ਜੋ ਮਰੀਜ਼ਾਂ ਦੀ ਖੁਰਾਕ ਦਾ ਖਿਆਲ ਰੱਖਦੇ ਹੋਏ ਉਹਨਾਂ ਦਾ ਇਲਾਜ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਡੀਪੀਐਮ ਕਸੀਤਿਜ ਸੀਮਾ ਤੋਂ ਇਲਾਵਾ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ।