ਸ੍ਰੀ ਫ਼ਤਹਿਗੜ੍ਹ ਸਾਹਿਬ/2 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ 01 ਤੋਂ 07 ਅਗਸਤ ਤੱਕ ਜਿਲੇ ਅੰਦਰ "ਵਿਸ਼ਵ ਸਤਨਪਾਨ ਹਫਤਾ" ਮਨਾਇਆ ਜਾ ਰਿਹਾ ਹੈ , ਜਿਸ ਤਹਿਤ ਸਾਰੀਆਂ ਸਿਹਤ ਸੰਸਥਾਵਾਂ ਵਿੱਚ "ਮਾਂ ਦੇ ਦੁੱਧ ਦੀ ਮਹੱਤਤਾ" ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਜਿਲਾ ਹਸਪਤਾਲ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਕੈਂਪ ਦੌਰਾਨ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਕੁਦਰਤ ਵੱਲੋਂ ਨਵਜਨਮੇ ਬੱਚੇ ਦੇ ਪੋਸ਼ਣ ਲਈ ਬਖਸ਼ਿਆ ਗਿਆ ਮਾਂ ਦਾ ਦੁੱਧ ਇੱਕ ਵਡਮੁੱਲੀ ਤੇ ਅਨਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਹੋਰ ਬਦਲ ਨਹੀਂ ਹੈ। ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ,ਕਿਉਂਕਿ ਪਹਿਲਾ ਤੇ ਬਹੁਲਾ ਪੀਲੇ ਰੰਗ ਦਾ ਮਾਂ ਦਾ ਦੁੱਧ ਪੌਸਟਿਕ ਤੱਤਾਂ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ ਜੋ ਬੱਚੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਅਤੇ ਅੰਧਰਾਤੇ ਤੋਂ ਬਚਾਉਂਦਾ ਹੈ । ਉਹਨਾਂ ਕਿਹਾ ਕਿ ਬੱਚੇ ਦੇ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਬੱਚਿਆਂ ਨੂੰ ਪਿਲਾਇਆ ਜਾਵੇ ਕਿਉਂਕਿ ਇਹ ਬੱਚੇ ਲਈ ਸੰਪੂਰਨ ਖੁਰਾਕ ਹੁੰਦਾ ਹੈ। ਬੱਚਿਆਂ ਦੇ ਮਾਹਰ ਡਾ. ਗੁਰਮਹਿੰਦਰ ਸਿੰਘ ਅਤੇ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚਿਆਂ ਨੂੰ ਕੂਪੋਸ਼ਣ ,ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਹਨਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ। ਉਹਨਾਂ ਕਿਹਾ ਕਿ ਬੱਚੇ ਨੂੰ ਹਮੇਸ਼ਾ ਬੈਠ ਕੇ ਦੁੱਧ ਚੁੰਘਾਉਣਾ ਚਾਹੀਦਾ ਹੈ, ਬੱਚੇ ਨੂੰ ਦੁੱਧ ਚੁੰਗਾਉਣ ਸਮੇਂ ਮਨ ਵਿੱਚ ਸਿਰਫ ਚੰਗੇ ਵਿਚਾਰ ਲਿਆਉਣੇ ਚਾਹੀਦੇ ਹਨ, ਬੱਚੇ ਦਾ ਮੂੰਹ ਛਾਤੀ ਦੇ ਇਹਨਾਂ ਨੇੜੇ ਨਾ ਰੱਖੋ ਕਿ ਉਸਦਾ ਨੱਕ ਦੱਬ ਹੋ ਜਾਵੇ ਤੇ ਸਾਹ ਲੈਣ ਵਿੱਚ ਕੋਈ ਮੁਸ਼ਕਿਲ ਹੋਵੇ । ਉਹਨਾਂ ਕਿਹਾ ਕਿ ਦੁੱਧ ਚੁੰਗਾਉਣ ਤੋਂ ਬਾਅਦ ਬੱਚੇ ਨੂੰ ਮੋਢੇ ਨਾਲ ਲਾ ਕੇ ਡਕਾਰ ਦਵਾਉਣਾ ਜ਼ਰੂਰੀ ਹੈ। ਇਸ ਮੌਕੇ ਤੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਕੌਂਸਲਰ ਬਲਜੀਤ ਸਿੰਘ ਤੋਂ ਇਲਾਵਾ ਆਸ਼ਾ ਵਰਕਰਾਂ, ਗਰਭਵਤੀ ਔਰਤਾਂ ਅਤੇ ਮਾਵਾਂ ਵੀ ਹਾਜ਼ਰ ਸਨ।