ਸ੍ਰੀ ਫ਼ਤਹਿਗੜ੍ਹ ਸਾਹਿਬ/2 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਇਤਿਹਾਸਿਕ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਆਸ ਪਾਸ ਦੀਆਂ ਸੜਕਾਂ ਦੀ ਰਿਪੇਅਰ ਦਾ ਕੰਮ ਜਲਦ ਪੂਰਾ ਹੋ ਜਾਵੇਗਾ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਤੋਂ ਮੋਰਿੰਡਾ ਨੂੰ ਜਾਣ ਵਾਲੀ ਸੜਕ ਦੇ ਵਿੱਚ ਸੀਵਰੇਜ ਪਾਏ ਜਾਣ ਕਾਰਨ ਉਹ ਸੜਕ ਨੂੰ ਪੁੱਟਣਾ ਪਿਆ ਸੀ, ਜਲਦ ਹੀ ਉਸ ਸੜਕ ਨੂੰ ਵੀ ਬਣਾ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸੜਕ ਬਣਾਉਣ ਦੇ ਲਈ ਵਿਭਾਗ ਕੋਲ ਪੈਸਾ ਜਮਾ ਕਰਵਾਏ ਜਾ ਚੁੱਕੇ ਹਨ, ਜੋ ਬਰਸਾਤ ਤੋਂ ਬਾਅਦ ਬਣਾਈ ਜਾਵੇਗੀ ਤੇ ਲਗਭਗ ਸਤੰਬਰ ਮਹੀਨੇ ਉਸ ਤੇ ਪ੍ਰੀਮਿਕਸ ਪਾ ਕੇ ਸੜਕ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ।।ਉਨਾਂ ਕਿਹਾ ਕਿ ਪੰਜਾਬ ਸਰਕਾਰ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕਰਨ ਦੇ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਇਲਾਕੇ ਵਿੱਚ ਸੜਕਾਂ ਤੋਂ ਇਲਾਵਾ ਸਟਰੀਟ ਲਾਈਟ ਦਾ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਵਾਰਾ ਪਸ਼ੂਆਂ ਨਾਲ ਸੰਬੰਧਿਤ ਸ਼ਿਕਾਇਤਾਂ ਵੀ ਉਨਾਂ ਨੂੰ ਮਿਲ ਰਹੀਆਂ ਹਨ ਜਿਸ ਸਬੰਧੀ ਜਲਦ ਹੀ ਨਗਰ ਕੌਂਸਲ ਸਰਹਿੰਦ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦਾ ਵੀ ਕੋਈ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੇ ਹਿੱਤ ਵਿੱਚ ਕੰਮ ਕਰਦੀ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਾਸ ਦੀ ਰਫਤਾਰ ਪਹਿਲਾਂ ਨਾਲੋਂ ਵੀ ਤੇਜ਼ ਦੇਖਣ ਨੂੰ ਮਿਲੇਗੀ।