ਸ੍ਰੀ ਫ਼ਤਹਿਗੜ੍ਹ ਸਾਹਿਬ/ 3 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਬਡਾਲੀ ਆਲਾ ਸਿੰਘ ਪੁਲਿਸ ਨੇ ਵਿਦੇਸ਼ੀ ਅਸਲਾ ਬਰਾਮਦ ਕਰਦੇ ਹੋਏ ਅਪਰਾਧਿਕ ਪਿਛੋਕੜ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।ਐਸ.ਪੀ.(ਡੀ) ਫ਼ਤਹਿਗੜ੍ਹ ਸਾਹਿਬ ਰਕੇਸ਼ ਕੁਮਾਰ ਯਾਦਵ ਨੇ ਆਪਣੇ ਦਫਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ.ਐਸ.ਪੀ. ਬਸੀ ਪਠਾਣਾਂ ਮੋਹਿਤ ਸਿੰਗਲਾ ਦੀ ਨਿਗਰਾਨੀ ਹੇਠ ਥਾਣਾ ਬਡਾਲੀ ਆਲਾ ਸਿੰਘ ਦੇ ਐਸ.ਐਚ.ਓ. ਇੰਸਪੈਕਟਰ ਅਮਰਦੀਪ ਸਿੰਘ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਚੁੰਨੀ ਕਲਾਂ ਦੀ ਐਸ.ਵਾਈ.ਐਲ. ਨਹਿਰ ਨਜ਼ਦੀਕ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਪੁਲਿਸ ਪਾਰਟੀ ਨੇ ਚੰਡੀਗੜ੍ਹ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਵੌਲਸਵੈਗਨ ਵੈਂਟੋ ਕਾਰ ਨੰਬਰ ਯੂ.ਪੀ.80-ਡੀ.ਈ-0890 ਨੂੰ ਟਾਰਚ ਦਿਖਾ ਕੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਬਜਾਏ ਨਾਕੇ ਤੋਂ ਭਜਾ ਲਈ ਜਿਸ 'ਤੇ ਪੁਲਿਸ ਕਰਮਚਾਰੀਆਂ ਨੇ ਇੱਕਦਮ ਬੈਰੀਕੇਡ ਅੱਗੇ ਕਰ ਕੇ ਕਾਰ ਨੂੰ ਰੋਕ ਲਿਆ ਜਿਸ ਵਿੱਚ ਬੈਠੇ ਦੋ ਨੌਜਵਾਨਾਂ ਨੂੰ ਨਾਮ ਪਤਾ ਪੁੱਛੇ ਜਾਣ 'ਤੇ ਚਾਲਕ ਦੇ ਨਾਲ ਦੀ ਸੀਟ 'ਤੇ ਬੈਠੇ ਵਿਅਕਤੀ ਨੇ ਆਪਣੀ ਪਹਿਚਾਣ ਵਿਜੈ ਕੁਮਾਰ ਉਰਫ ਰਵੀ ਵਾਸੀ ਢਾਬ ਕੁਸ਼ਾਲ ਜੋਈਆ ਜ਼ਿਲਾ ਫਾਜ਼ਿਲਕਾ ਵਜੋਂ ਦੱਸੀ ਅਤੇ ਕਾਰ ਚਾਲਕ ਨੇ ਆਪਣੀ ਪਹਿਚਾਣ ਸਾਹਿਲ ਕੰਬੋਜ ਵਾਸੀ ਚੱਕ ਸੁਕੜ ਜ਼ਿਲਾ ਫਾਜ਼ਿਲਕਾ ਵਜੋਂ ਦੱਸੀ।ਕਾਰ ਦੀ ਚੈਕਿੰਗ ਦੌਰਾਨ ਵਿਜੈ ਕੁਮਾਰ ਉਰਫ ਰਵੀ ਦੇ ਡੱਬ 'ਚੋਂ ਇੱਕ ਨਜਾਇਜ਼ ਪਿਸਟਲ 32 ਬੋਰ ਬਰੇਟਾ(ਮੇਡ ਇੰਨ ਯੂ.ਐਸ.ਏ.) ਬਰਾਮਦ ਹੋਇਆ ਜਿਸ ਨੂੰ ਅਨਲੋਡ ਕਰਨ 'ਤੇ ਪਿਸਟਲ ਦੇ ਮੈਗਜ਼ੀਨ 'ਚੋਂ 5 ਜਿੰਦਾ ਰੌਂਦ ਵੀ ਬਰਾਮਦ ਹੋਏ।ਥਾਣਾ ਬਡਾਲੀ ਆਲਾ ਸਿੰਘ ਵਿਖੇ ਅ/ਧ 25/54/59 ਅਸਲਾ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ 'ਚ ਦੋਵਾਂ ਨੂੰ ਗ੍ਰਿਫਤਾਰ ਕਰਕੇ ਐਸ.ਐਚ.ਓ. ਬਡਾਲੀ ਆਲਾ ਸਿੰਘ ਇੰਸਪੈਕਟਰ ਅਮਰਦੀਪ ਸਿੰਘ ਦੀ ਅਗਵਾਈ ਵਾਲੀ ਤਫਤੀਸ਼ੀ ਟੀਮ ਨੇ ਉਨਾਂ ਕੋਲੋਂ ਮਿਲੇ ਫੋਨ ਨੂੰ ਬਾਰੀਕੀ ਨਾਲ ਚੈੱਕ ਕੀਤਾ ਤਾਂ ਫੋਨ ਵਿੱਚੋਂ ਇੱਕ ਵੀਡੀਓ ਮਿਲੀ ਜਿਸ ਵਿੱਚ ਕਿਸੇ ਦੀ ਰੇਕੀ ਕੀਤੇ ਜਾਣ ਦਾ ਜ਼ਿਕਰ ਸੀ ਜਿਸ 'ਤੇ ਦੋਵਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਕਤ ਵਿਦੇਸ਼ੀ ਪਿਸਟਲ ਉਨਾਂ ਨੇ ਸਚਿਨ ਵਾਸੀ ਪਿੰਡ ਕੁੰਢੇ ਜ਼ਿਲਾ ਫਿਰੋਜ਼ਪੁਰ ਤੋਂ 1,35,000/- ਰੁਪਏ ਵਿੱਚ ਖਰੀਦਿਆ ਸੀ ਜਿਸ ਦੀ ਮੱਦਦ ਨਾਲ ਉਨਾਂ ਵੱਲੋਂ ਲੁਧਿਆਣਾ ਜ਼ਿਲੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਣਾ ਸੀ।ਐਸ.ਪੀ.(ਡੀ) ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿਰੁੱਧ ਪਹਿਲਾਂ ਵੀ ਬਲਾਤਕਾਰ,ਲੁੱਟ ਖੋਹ,ਅਸਲਾ ਐਕਟ ਅਤੇ ਇਰਾਦਾ ਕਤਲ ਜਿਹੇ ਸੰਗੀਨ ਅਪਰਾਧਾਂ ਦੇ ਮੁਕੱਦਮੇ ਦਰਜ ਹਨ।ਉਨਾਂ ਦੱਸਿਆ ਕਿ ਵਿਜੈ ਕੁਮਾਰ ਉਰਫ ਰਵੀ ਵਿਰੁੱਧ ਜ਼ਿਲਾ ਫਾਜ਼ਿਲਕਾ ਵਿੱਚ ਦੋ,ਸਾਹਿਲ ਕੰਬੋਜ ਵਿਰੁੱਧ ਜ਼ਿਲਾ ਫਿਰੋਜ਼ਪੁਰ 'ਚ ਤਿੰਨ ਅਤੇ ਸਚਿਨ ਵਿਰੁੱਧ ਫਿਰੋਜ਼ਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਚਾਰ ਮੁਕੱਦਮੇ ਦਰਜ ਹਨ ਜਿਸ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਇੰਸਪੈਕਟਰ ਅਮਰਦੀਪ ਸਿੰਘ ਬਮਰਾ ਨੇ ਬੜੀ ਹਿੰਮਤ ਅਤੇ ਦਲੇਰੀ ਦੇ ਨਾਲ ਇਨਾਂ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਹੈ ਜਿਸ ਲਈ ਉਹ ਸ਼ਲਾਘਾ ਦੇ ਪਾਤਰ ਹਨ।