ਸ੍ਰੀ ਫ਼ਤਹਿਗੜ੍ਹ ਸਾਹਿਬ/5 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਅੱਜ ਪਿੰਡ ਰਿਉਣਾ ਉੱਚਾ ਅਤੇ ਭੋਲਾ ਵਿਖੇ ਨਹਿਰੀ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਉਣ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ, ਇਸ ਲਈ ਨਹਿਰੀ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਉਣ ਦੇ ਲਈ ਯਤਨਸ਼ੀਲ ਹੈ। ਇਸੇ ਲੜੀ ਦੇ ਤਹਿਤ ਅੱਜ ਪਿੰਡ ਰਿਉਣਾ ਉੱਚਾ ਅਤੇ ਰਿਉਣਾ ਭੋਲਾ ਦੇ ਉਨਾਂ ਖੇਤਾਂ ਤੱਕ ਨਹਿਰੀ ਪਾਣੀ ਨੂੰ ਪਹੁੰਚਾਉਣ ਲਈ ਪਾਈਪ ਲਾਈਨ ਪਾਈ ਗਈ ਹੈ ਜੋ ਪਾਣੀ ਦੀ ਘਾਟ ਕਾਰਨ ਬੰਜਰ ਹੋ ਰਹੇ ਸਨ।ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਧਰਤੀ ਹੇਠਲਾ ਪਾਣੀ ਬਚਾਉਣਾ ਬਹੁਤ ਜਰੂਰੀ ਹੈ। ਉਸ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ, ਜੇਕਰ ਅਸੀਂ ਖੇਤੀ ਦੇ ਲਈ ਨਹਿਰੀ ਪਾਣੀ ਨੂੰ ਇਸਤੇਮਾਲ ਕਰੀਏ। ਪਾਣੀ ਬਿਨਾਂ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਜਿਹੜੇ ਸੂਬਿਆਂ ਦੇ ਵਿੱਚ ਪਾਣੀ ਦੀ ਬਹੁਤ ਘਾਟ ਹੈ, ਉਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ ਤੇ ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ ਹੈ, ਜੋ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਜਰੂਰ ਕਰਦੀ ਹੈ। ਜਗਜੀਤ ਸਿੰਘ ਰਿਉਣਾ ਨੇ ਦੱਸਿਆ ਕਿ ਉਨਾਂ ਦੇ ਪਿੰਡ ਰਿਉਣਾ ਉੱਚਾ ਅਤੇ ਭੋਲਾ ਨੂੰ ਨਹਿਰੀ ਪਾਣੀ ਦਾ ਮੋਘਾ ਦਿੱਤਾ ਗਿਆ ਹੈ। ਤਕਰੀਬਨ 12 ਲੱਖ ਰੁਪਏ ਦੀ ਲਾਗਤ ਨਾਲ ਇਕ ਕਿਲੋਮੀਟਰ ਦੇ ਕਰੀਬ ਪਾਈਪ ਲਾਈਨ ਪਾਈ ਗਈ ਹੈ, ਤਾਂ ਜੋ ਪਾਣੀ ਦੀ ਘਾਟ ਕਾਰਨ ਬੰਜਰ ਹੋ ਰਹੀਆਂ ਜਮੀਨਾਂ ਨੂੰ ਬਚਾਇਆ ਜਾ ਸਕੇ। ਇਸ ਉਪਰਾਲੇ ਦੇ ਲਈ ਅਸੀਂ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਵਿਧਾਇਕ ਲਖਬੀਰ ਸਿੰਘ ਰਾਏ ਦੇ ਵੀ ਸ਼ੁਕਰ ਗੁਜ਼ਾਰ ਹਾਂ ਜਿਨਾਂ ਦੀ ਮਿਹਨਤ ਸਦਕਾ ਸਮੱਸਿਆ ਦਾ ਹੱਲ ਹੋਇਆ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਮਾਨਵ ਟਿਵਾਣਾ, ਦੀਪ ਕੁਮਾਰ ਸਾਬਕਾ ਸਰਪੰਚ, ਲਖਵਿੰਦਰ ਸਿੰਘ ਫੌਜੀ, ਮਦਨ ਗੋਪਾਲ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਰਿਉਣਾ ਭੋਲਾ, ਰਮੇਸ਼ ਕੁਮਾਰ, ਸੰਤ ਸਿੰਘ, ਜੀਤਾ ਰਾਮ ਅਤੇ ਬਾਬੂ ਰਾਮ ਵੀ ਮੌਜੂਦ ਸਨ।