ਸ੍ਰੀ ਫ਼ਤਹਿਗੜ੍ਹ/6 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਜਿਲ੍ਹੇ ਅੰਦਰ 1 ਤੋਂ 7 ਅਗਸਤ ਤੱਕ "ਵਿਸ਼ਵ ਸਤਨਪਾਨ ਹਫਤਾ" ਮਨਾਇਆ ਜਾ ਰਿਹਾ ਹੈ । ਇਸ ਹਫਤੇ ਦੌਰਾਨ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਿਹਤ ਕਰਮਚਾਰੀਆਂ ਵੱਲੋਂ ਅਤੇ ਪਿੰਡਾਂ /ਸ਼ਹਿਰਾਂ ਵਿੱਚ ਆਸ਼ਾ ਵਰਕਰਾਂ ਵੱਲੋਂ ਘਰਾਂ ਵਿੱਚ ਜਾ ਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਨੇ ਜਿਲਾ ਹਸਪਤਾਲ ਤੋਂ ਇੱਕ ਜਾਗਰੁਕਤਾ ਰੈਲੀ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਬੱਚੇ ਦੇ ਜੀਵਨ ਵਿੱਚ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ । ਬੱਚੇ ਨੂੰ ਜਨਮ ਦੇਣ ਉਪਰੰਤ ਮਾਂ ਦਾ ਪਹਿਲੇ ਪੀਲੇ ਰੰਗ ਦਾ ਗਾੜਾ ਦੁੱਧ ਜੋ ਕਲੋਸਟਰਮ ਭਰਪੂਰ ਹੁੰਦਾ ਹੈ, ਕੁਦਰਤ ਵੱਲੋਂ ਬੱਚੇ ਨੂੰ ਲਗਾਇਆ ਜਾਣ ਵਾਲਾ ਪਹਿਲਾ ਟੀਕਾ ਹੁੰਦਾ ਹੈ, ਜੋ ਬੱਚੇ ਨੂੰ ਜਿੱਥੇ ਜੀਵਨ ਭਰ ਲਈ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਉੱਥੇ ਹੀ ਅੰਧਰਾਤੇ ਤੋਂ ਵੀ ਬਚਾਉਂਦਾ ਹੈ। ਉਹਨਾਂ ਕਿਹਾ ਕਿ ਸਤਨਪਾਨ-ਵਿਕਲਪ ਨਹੀਂ, ਸੰਕਲਪ ਹੈ। ਮਾਂ ਦੇ ਦੁੱਧ ਦੀ ਥਾਂ ਕੋਈ ਹੋਰ ਦੁੱਧ ਨਹੀਂ ਲੈ ਸਕਦਾ ਭਾਵੇਂ ਉਹ ਕਿੰਨਾ ਵੀ ਮਹਿੰਗਾ ਹੋਵੇ। ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਇਹ ਬੱਚੇ ਨੂੰ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਇਹ ਬੱਚੇ ਦੀ ਪਾਚਨ ਸ਼ਕਤੀ ਨੂੰ ਦਰੁਸਤ ਰੱਖਦਾ ਹੈ। ਉਹਨਾਂ ਕਿਹਾ ਕਿ ਬੱਚੇ ਨੂੰ ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਕਿਉਂਕਿ ਇਸ ਵਿੱਚ ਬੱਚੇ ਨੂੰ ਲੋੜੀਂਦੇ ਸਾਰੇ ਤੱਤ ਭਰਪੂਰ ਮਾਤਰਾ ਵਿੱਚ ਪ੍ਰਾਪਤ ਹੋ ਜਾਂਦੇ ਹਨ। ਉਨਾ ਦੱਸਿਆ ਕਿ ਬੱਚਾ ਜੇਕਰ ਬਿਮਾਰ ਵੀ ਹੋਵੇ ਉਲਟੀਆਂ ਜਾਂ ਟੱਟੀਆਂ ਵੀ ਲੱਗੀਆਂ ਹੋਣ ਤਾਂ ਵੀ ਬੱਚੇ ਨੂੰ ਇਹ ਦੁੱਧ ਪਿਲਾਉਣਾ ਜਾਰੀ ਰੱਖਣਾ ਚਾਹੀਦਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਅਤੇ ਜਸਵਿੰਦਰ ਕੌਰ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਵੀ ਮੌਜੂਦ ਸਨ।