ਸ੍ਰੀ ਫ਼ਤਹਿਗੜ੍ਹ ਸਾਹਿਬ/7 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਐਨ. ਐਸ. ਐਸ. ਯੂਨਿਟ ਵਲੋਂ ਕਾਲਜ ਪ੍ਰਿੰਸੀਪਲ ਡਾ.ਵਨੀਤਾ ਗਰਗ ਦੀ ਨਿਗਰਾਨੀ ਅਧੀਨ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਸਤਪਾਲ ਸਿੰਘ ਨੇ ਐੱਨ. ਐਸ. ਐੱਸ.ਦੇ ਵਲੰਟੀਅਰਜ਼ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਜਾਗਰੂਕਤਾ ਵਿਸ਼ੇ ਬਾਰੇ ਵਿਸਥਾਰ ਵਿੱਚ ਦਸਿਆ। ਉਹਨਾਂ ਨੇ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਈਬਰ ਕ੍ਰਾਈਮ ਕੀ ਹੁੰਦਾ ਹੈ ਅਤੇ ਅਸੀਂ ਇਸਨੂੰ ਕਿਵੇਂ ਪਛਾਣ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਟੈਕਨੋਲੋਜੀ ਵਿਕਾਸ ਕਰ ਰਹੀ ਹੈ ਤਿਵੇਂ ਤਿਵੇਂ ਸਾਈਬਰ ਫਰਾਡ ਵੀ ਵਧ ਰਹੇ ਹਨ। ਲੋਕ ਵਲੋਗਜ਼ ਨਾਲ਼ ਜਾਂ ਕਈ ਕਿਸਮ ਦੀਆਂ ਦਿਲ ਭਰਮਾਊ ਅਤੇ ਸੌਖੀ ਕਮਾਈ ਕਰਨ ਵਾਲੀਆਂ ਵੀਡੀਓਜ਼ ਬਣਾ ਕੇ ਲੋਕਾਂ ਨੂੰ ਭਰਮਾ ਰਹੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜਿਵੇਂ ਕਦੇ ਅਚਾਨਕ ਲਾਟਰੀ ਲੱਗਣ ਦਾ ਫ਼ੋਨ ਆ ਜਾਣਾ ਜਾਂ ਪੁਰਾਣੇ ਬੈਂਕ ਖਾਤੇ ਦੇ ਪੁਰਾਣੇ ਪਾਸਵਰਡ ਨੂੰ ਬਦਲ ਕੇ ਨਵਾਂ ਪਾਸਵਰਡ ਬਣਾਉਣ ਲਈ ਫ਼ੋਨ ਆਉਣਾ, ਕਿਸੇ ਚੀਜ ਦਾ ਓ. ਟੀ. ਪੀ. ਪਤਾ ਕਰਨਾ ਆਦਿ ਆਪਣੀ ਤਰ੍ਹਾਂ ਦੇ ਨਵੇਂ ਕ੍ਰਾਈਮ ਹੋ ਰਹੇ ਹਨ। ਅਣਜਾਣ ਈ ਮੇਲ ਰਾਹੀਂ ਦਿੱਤੇ ਗਏ ਲਿੰਕ ਖੋਲਣ ਨਾਲ਼ ਸਾਡੀ ਨਿੱਜੀ ਜਾਣਕਾਰੀ ਜਨਤਕ ਹੋ ਸਕਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਚੀਜ਼ਾਂ ਤੋਂ ਸਤਰਕ ਰਹਿਣ ਲਈ ਵੀ ਜਾਗਰੂਕ ਕੀਤਾ। ਇਸ ਮੌਕੇ ਐਨ.ਐਸ. ਐਸ. ਦੇ ਲਗਭਗ 150 ਵਲੰਟੀਅਰਜ਼ ਮੌਜੂਦ ਸਨ। ਇਸ ਮੌਕੇ ਐਨ.ਐਸ.ਐਸ.ਦੇ ਪ੍ਰੋਗਰਾਮ ਅਸਫਸਰ ਪ੍ਰੋ. ਹਰਪ੍ਰੀਤ ਸਿੰਘ , ਪ੍ਰੋ.ਜਸਵੀਰ ਕੌਰ , ਪ੍ਰੋ.ਜਸਬੀਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।