ਸ੍ਰੀ ਫ਼ਤਹਿਗੜ੍ਹ ਸਾਹਿਬ/8 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਗਏ ਇੱਕ ਡਾਕਟਰ ਦੇ ਡਰਾਇਵਰ ਨਾਲ ਕਥਿਤ ਤੌਰ 'ਤੇ 49,500/- ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਸ਼ਨੂੰ ਦੇਵ ਯਾਦਵ ਨੇ ਦੱਸਿਆ ਕਿ ਉਹ ਸ਼ੈਲੀ ਨਰਸਿੰਗ ਹੋਮ ਸਰਹਿੰਦ ਵਿਖੇ ਡਾ. ਜੀ.ਕੇ. ਸ਼ੈਲੀ ਦੀ ਕਾਰ 'ਤੇ ਡਰਾਇਵਰੀ ਕਰਦਾ ਹੈ ਤੇ ਡਾ. ਸ਼ੈਲੀ ਨੇ ਉਸਨੂੰ 49,500/- ਰੁਪਏ ਦੇ ਕੇ ਆਪਣੇ ਬੈਂਕ ਖਾਤੇ 'ਚ ਜਮ੍ਹਾਂ ਕਰਵਾਉਣ ਲਈ ਭੇਜਿਆ ਸੀ ਤੇ ਜਦੋਂ ਉਹ ਸਰਹਿੰਦ ਮੰਡੀ ਵਿਖੇ ਬੈਂਕ ਵਿੱਚ ਦਾਖਲ ਹੋਇਆ ਤਾਂ ਉਸਦੇ ਪਿੱਛੇ ਹੀ ਇੱਕ ਨਾਮਾਲੂਮ ਵਿਅਕਤੀ ਵੀ ਬੈਂਕ 'ਚ ਦਾਖਲ ਹੋਇਆ ਜਿਸ ਨੇ ਉਸਨੂੰ ਕਿਹਾ ਕਿ ਤੁਸੀਂ ਖਾਤੇ 'ਚ ਪੈਸੇ ਜਮ੍ਹਾਂ ਕਰਵਾਉਣੇ ਹਨ ਤੇ ਮੈਂ ਆਪਣੇ ਖਾਤੇ 'ਚੋਂ ਕਢਵਾਉਣੇ ਹਨ ਜੋ ਕਿ ਬੈਂਕ ਦਾ ਸਰਵਰ ਡਾਊਨ ਹੋਣ ਕਾਰਨ ਨਹੀਂ ਹੋ ਪਾ ਰਹੇ ਇਸ ਲਈ ਤੁਸੀਂ ਜੇਕਰ ਮੈਨੂੰ 49,500/- ਦੇ ਦੇਵੋ ਤਾਂ ਮੈਂ ਆਪਣੇ ਖਾਤੇ ਵਿੱਚੋਂ ਫੋਨ ਰਾਹੀਂ ਤੁਹਾਡੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੰਦਾ ਹਾਂ ਜਿਸ ਉਪਰੰਤ ਉਕਤ ਵਿਅਕਤੀ ਨੇ ਉਸਨੂੰ 49,5000/-ਰੁਪਏ ਬੈਂਕ ਖਾਤੇ 'ਚ ਭੇਜੇ ਜਾਣ ਦਾ ਮੈਸੇਜ ਦਿਖਾਇਆ ਤਾਂ ਉਸਨੇ ਉਕਤ ਨਾਮਾਲੂਮ ਵਿਅਕਤੀ 'ਤੇ ਵਿਸ਼ਵਾਸ਼ ਕਰਦੇ ਹੋਏ ਉਸ ਨੂੰ 49,500/- ਰੁਪਏ ਦੇ ਦਿੱਤੇ ਤੇ ਵਾਪਸ ਨਰਸਿੰਗ ਹੋਮ ਆ ਗਿਆ ਜਿੱਥੇ ਪਹੁੰਚ ਕੇ ਉਸਨੂੰ ਪਤਾ ਲੱਗਾ ਕਿ ਪੈਸੇ ਤਾਂ ਖਾਤੇ ਵਿੱਚ ਆਏ ਹੀ ਨਹੀਂ ਤੇ ਉਕਤ ਨਾਮਾਲੂਮ ਵਿਅਕਤੀ ਵੱਲੋਂ ਉਨਾਂ ਨਾਲ ਠੱਗੀ ਮਾਰੀ ਗਈ ਹੈ।ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀ ਵਿਰੁੱਧ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਅ/ਧ 318(4) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਵਾ ਕੇ ਸਰਹਿੰਦ ਮੰਡੀ ਚੌਂਕੀ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।