ਚੰਡੀਗੜ੍ਹ, 8 ਅਗਸਤ 2024
ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਅੱਜ ਲੋਕ ਸਭਾ ਵਿਚ ਇੱਕ ਬਿੱਲ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਂਮ ‘ਤੇ ਬਣੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਤੋਂ ਅੰਤਰਰਾਸ਼ਟਰੀ ਉਡਾਨਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਫ਼ਾਇਦਾ ਮਿਲ ਸਕੇ।
ਸੰਸਦ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੱਕ ਮੀਡੀਆ ਗਰੁੱਪ ਦੇ ਸਰਵੈ ਅਨੁਸਾਰ ਪੰਜਾਬ ਤੋਂ 25 ਪ੍ਰਤੀਸ਼ਤ ਯਾਤਰੀ ਵੱਖ-ਵੱਖ ਦੇਸ਼ਾਂ ਵਿਚ ਜਾਣ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਦਿੱਲੀ ਵਿਖੇ ਰੋਜ਼ਾਨਾ 10 ਹਜ਼ਾਰ ਟੈਕਸੀਆਂ ਰਾਹੀਂ ਕਰੋੜ ਰੁਪਇਆ ਖ਼ਰਚ ਕਰਕੇ ਲੋਕ ਪਹੁੰਚਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਕੇਂਦਰ ਸਰਕਾਰ ਇੰਟਰਨੈਸ਼ਨਲ ਉਡਾਨਾਂ ਵਿਚ ਵਾਧਾ ਕਰ ਦੇਵੇ ਤਾਂ ਚੰਡੀਗੜ੍ਹ ਤੋਂ ਦਿੱਲੀ ਤੱਕ ਦੀ ਸੜਕੀ ਆਵਾਜਾਈ ਵਿਚ ਵੀ ਫ਼ਰਕ ਪਵੇਗਾ।
ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਤੋਂ ਲੋਕ ਪੰਜਾਬ ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ , ਸ਼੍ਰੀ ਚਮਕੌਰ ਸਾਹਿਬ, ਮਾਤਾ ਨੈਣਾ ਦੇਵੀ, ਵੈਸ਼ਨੂੰ ਦੇਵੀ ਆਦਿ ‘ਤੇ ਨਤਮਸਤਕ ਹੋਣ ਅਤੇ ਵਿਦੇਸ਼ ਵਿਚ ਮਹਿੰਗੇ ਇਲਾਜ਼ ਹੋਣ ਕਾਰਨ ਲੋਕ ਇਲਾਜ਼ ਕਰਵਾਉਣ ਲਈ ਪੰਜਾਬ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਵੱਡੀ ਡਿਮਾਂਡ ਹੈ ਕਿ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਇੰਟਰਨੈਸ਼ਨਲ ਉਡਾਨਾਂ ਵਿਚ ਵਾਧਾ ਕਰਕੇ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦੇਵੇ।