ਸ੍ਰੀ ਫ਼ਤਹਿਗੜ੍ਹ ਸਾਹਿਬ/9 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਗਲੋਬਲ ਸਕੂਲ ਵਿੱਚ ਇਹ ਮੌਜ-ਮਸਤੀ ਦਾ ਦਿਨ ਸੀ ਅਤੇ ਇਸ ਮੌਕੇ ਤੀਆਂ ਦੇ ਤਿਉਹਾਰ ਦਾ ਜਸ਼ਨ ਸੀ। ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਜਨਰਲ ਸਕੂਲ ਦੇ ਸਕੱਤਰ ਡਾ. ਤਜਿੰਦਰ ਕੌਰ ਸਨ। ਪ੍ਰਿੰਸੀਪਲ ਇੰਦੂ ਸ਼ਰਮਾ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਉਣ ਲਈ ਵਿਦਿਆਰਥਣਾਂ ਅਤੇ ਅਧਿਆਪਕ ਸੱਭਿਆਚਾਰਕ ਪੰਜਾਬੀ ਪਹਿਰਾਵੇ ਵਿੱਚ ਸਕੂਲ ਪਹੁੰਚੀਆਂ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ, ਬੋਲੀਆਂ, ਡਾਂਸ, ਗਿੱਧਾ ਅਤੇ ਮਾਡਲਿੰਗ ਪੇਸ਼ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਇੱਕ ਪੰਜਾਬੀ ਪਿੰਡ ਦੀ ਝਲਕ ਦਿਖਾਉਣ ਲਈ ਪ੍ਰੋਗਰਾਮ ਵਿੱਚ ਫੁਲਕਾਰੀਆਂ, ਛੱਜ, ਚਾਟੀ, ਮਧਾਣੀਆਂ ਸਜਾਈਆਂ ਗਈਆਂ।ਇਸ ਮੌਕੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਸਮਰਿਧੀ ਖੁੱਲਰ ਨੂੰ ਸਰਵੋਤਮ ਪੰਜਾਬੀ ਮੁਟਿਆਰ ਦਾ ਖਿਤਾਬ ਮਿਲਿਆ। ਸਕੂਲ ਪ੍ਰਬੰਧਕਾਂ ਵੱਲੋਂ ਛੋਟੇ ਬੱਚਿਆਂ ਨੂੰ ਤੀਆਂ ਮੌਕੇ ਚੂੜੀਆਂ ਵੀ ਦਿੱਤੀਆਂ ਗਈਆਂ।ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਡਾਂਸ ਪੇਸ਼ਕਾਰੀ ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ | ਪ੍ਰਿੰਸੀਪਲ ਇੰਦੂ ਸ਼ਰਮਾ ਨੇ ਸਾਰਿਆਂ ਨੂੰ ਤੀਆਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।