ਸ੍ਰੀ ਫ਼ਤਹਿਗੜ੍ਹ ਸਾਹਿਬ/9 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਡਿਸ ਕੁਆਲੀਫਾਈ ਕਰਨ ਵਾਲਾ ਦੁਖਦਾਈ ਬਿਰਤਾਂਤ ਬਿਲਕੁਲ ਸਹੀ ਨਹੀਂ ਹੈ। ਉਨ੍ਹਾਂ ਕਿਹਾ ਓਲੰਪਿਕ ਖੇਡਾਂ ਵਿੱਚ ਸੋਨੇ ਦੀ ਝਲਕ ਦਿਖਾਉਣ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਦਾ ਵਜ਼ਨ ਇਕ ਹੀ ਦਿਨ `ਚ ਕਿਵੇਂ ਵੱਧ ਹੋ ਗਿਆ ? ਉੱਥੇ ਮੌਜੂਦ ਸਿਹਤ ਮਾਹਿਰ, ਪ੍ਰਬੰਧਕ, ਮਨੋਵਿਗਿਆਨੀ ਕਿੱਥੇ ਸਨ? ਪਿਛਲੇ ਟੂਰਨਾਮੈਂਟਾਂ ਅਤੇ ਟੋਕੀਓ ਉਲੰਪਿਕ `ਚ 53 ਕਿਲੋਗ੍ਰਾਮ ਵਜ਼ਨ `ਚ ਖੇਡਣ ਵਾਲੀ ਪਹਿਲਵਾਨ ਨੂੰ 50 ਕਿਲੋਗ੍ਰਾਮ `ਚ ਲੈ ਜਾਣ ਦਾ ਫ਼ੈਸਲਾ ਕਿਸ ਨੇ ਅਤੇ ਕਿਉਂ ਕੀਤਾ? ਇੰਨੇ ਵੱਡੇ ਮੁਕਾਬਲੇ ਲਈ ਐਨ ਆਖ਼ਰੀ ਮੌਕੇ `ਤੇ ਇੰਨੀ ਵੱਡੀ ਸਮੱਸਿਆ ਕਿਵੇਂ ਪੈਦਾ ਹੋਈ। ਇਸ ਦੌਰਾਨ ਕੋਈ ਵੀ ਉਪਾਅ ਕਾਰਗਰ ਸਾਬਿਤ ਕਿਉਂ ਨਹੀਂ ਹੋ ਸਕਿਆ? ਕੀ ਇਸ ਲਈ ਪ੍ਰਸ਼ਾਸਨਿਕ ਤੰਤਰ ਜਾਂ ਰਾਜਨੀਤਕ ਮਨਸ਼ਾ ਤਾਂ ਜ਼ਿੰਮੇਵਾਰ ਨਹੀਂ ? ਉਨ੍ਹਾਂ ਕਿਹਾ ਕੂਟਨੀਤਕ ਪੱਧਰ `ਤੇ ਭਾਰਤ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਇਸ ਮਾਮਲੇ `ਚ ਦਖ਼ਲ ਦੇਣਾ ਚਾਹੀਦਾ ਹੈ। ਭਾਰਤ ਅੱਜ ਵਿਸ਼ਵ ਦੀ ਇਕ ਵੱਡੀ ਪ੍ਰਮੁੱਖ ਹਸਤੀ ਹੈ। ਪਰ ਕਿਸੇ ਮੰਚ `ਤੇ ਮਸ਼ੀਨੀ ਜਾਂ ਮਾਨਵੀ ਪੱਧਰ `ਤੇ ਹੋ ਰਹੇ ਅਨਿਆਂ ਨੂੰ ਰੋਕਣ ਲਈ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਯਮ ਅਤੇ ਕਾਇਦੇ ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਬੇਹੱਦ ਜ਼ਰੂਰੀ ਹੁੰਦੇ ਹਨ, ਪਰ ਤਕਨੀਕ ਅਤੇ ਮਸ਼ੀਨ ਨੂੰ ਇੰਨੀ ਸ਼ਕਤੀ ਅਤੇ ਮਹੱਤਵ ਦਿੱਤਾ ਜਾਣਾ ਠੀਕ ਨਹੀਂ ਜਿਥੇ ਮਾਨਵ ਅਤੇ ਉਸ ਦੀ ਸੰਪੂਰਨ ਮਾਨਵਤਾ ਨੂੰ ਹੀ ਨਿਗਲ ਲਿਆ ਜਾਵੇ। ਉਨ੍ਹਾਂ ਕਿਹਾ ਅਸੀਂ ਸਮਝਦੇ ਹਾਂ ਕਿ ਮੌਜੂਦਾ ਦੌਰ `ਚ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਦੇਣ ਲਈ, ਨਿਯਮਾਂ `ਚ ਪਰਿਵਰਤਨ ਦੀ ਇਕ ਚੰਗੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਵਿਨੇਸ਼ ਨੇ ਖ਼ੁਦ ਵੀ ਉਨ੍ਹਾਂ ਨੂੰ ਸਾਂਝਾ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੈਰਿਸ ਉਲੰਪਿਕ ਵਿਚ ਉਸ ਦੁਆਰਾ 50 ਕਿੱਲੋ ਭਾਰ ਦੇ ਅੰਦਰ ਜਿੱਤੇ ਮੈਚਾਂ ਦਾ ਰਿਕਾਰਡ ਉਸ ਨੂੰ ਮਿਲਣਾ ਚਾਹੀਦਾ ਹੈ। ਸਮੁੱਚੇ ਤੌਰ `ਤੇ ਉਸ ਨੂੰ ਡਿਸ-ਕੁਆਲੀਫ਼ਾਈ ਕਰਨ ਦਾ ਫ਼ੈਸਲਾ ਸਹੀ ਨਹੀਂ ਹੈ।