ਸ੍ਰੀ ਫ਼ਤਹਿਗੜ੍ਹ ਸਾਹਿਬ/9 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਪ੍ਰਸਿੱਧ ਅਦਾਕਾਰ ਅਤੇ ਬਹੁਪੱਖੀ ਸਖਸ਼ੀਅਤ ਦੇ ਮਾਲਕ ਗੁਰਪ੍ਰੀਤ ਘੁੱਗੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ,ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚ ਕੇ ਵਿਦਿਆਰਥੀਆਂ ਦੇ ਰੂਬਰੂ ਹੋਏ।ਕਾਲਜ ਦੇ ਪ੍ਰਿੰਸੀਪਲ ਡਾ.ਲਖਵੀਰ ਸਿੰਘ ਨੇ ਕਾਲਜ ਪਹੁੰਚਣ 'ਤੇ ਉਨਾਂ ਦਾ ਸਵਾਗਤ ਕੀਤਾ ਤੇ ਸਟਾਫ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।ਵਿਦਿਆਰਥੀਆਂ ਦੇ ਰੁਬਰੂ ਹੋਣ ਲਈ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ ਪਹੁੰਚੇ ਗੁਰਪ੍ਰੀਤ ਸਿੰਘ ਘੁੱਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਗਿਆਨੀ ਦਿੱਤ ਸਿੰਘ ਜੀ ਵਰਗੇ ਬੁੱਧੀਜੀਵੀਆਂ ਅਤੇ ਮਹਾਨ ਸਖਸ਼ੀਅਤਾਂ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ।ਉਨਾਂ ਕਿਹਾ ਕਿ ਸਾਨੂੰ ਸਾਡੇ ਇਤਿਹਾਸ ਅਤੇ ਸੱਭਿਆਚਾਰ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਸਾਡਾ ਭਵਿੱਖ ਸੁਖਾਵਾਂ ਹੋ ਸਕੇ ਅਤੇ ਸਾਡਾ ਸਭਿਆਚਾਰ ਵੀ ਕਾਇਮ ਰਹਿ ਸਕੇ।ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਨਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਇਸ ਵੱਕਾਰੀ ਸੰਸਥਾ ਨੇ ਤਕਨੀਕੀ ਸਿੱਖਿਆ ਦੇ ਖੇਤਰ 'ਚ ਨਾਮਣਾ ਖੱਟਣ ਤੋਂ ਇਲਾਵਾ ਸਿੱਖੀ ਸਿਧਾਂਤਾਂ ਨੂੰ ਵੀ ਸਾਂਭਿਆ ਹੋਇਆ ਹੈ।ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਸਿੱਖਿਆਵਾਂ ਅਤੇ ਸੰਘਰਸ਼ ਤੋਂ ਵੀ ਸੇਧ ਲੈਣੀ ਚਾਹੀਦੀ ਹੈ ਤੇ ਮੁਸੀਬਤ ਦੇ ਸਮੇਂ ਵਿੱਚ ਕਦੇ ਡੋਲਣਾ ਨਹੀਂ ਚਾਹੀਦਾ।ਉਨਾਂ ਇਸ ਮੌਕੇ ਆਪਣੀ ਆ ਰਹੀ ਇਤਿਹਾਸਿਕ ਫਿਲਮ ਬੀਬੀ ਰਜਨੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬੱਚਿਆਂ ਨੂੰ ਅਜਿਹੀਆਂ ਫਿਲਮਾਂ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਨਾਂ ਨੂੰ ਸਾਡੇ ਗੌਰਵਮਈ ਇਤਿਹਾਸ ਦੀ ਸਹੀ ਜਾਣਕਾਰੀ ਮਿਲ ਸਕੇ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ,ਡਾ. ਲਖਵਿੰਦਰ ਸਿੰਘ,ਡਾ. ਅਮ੍ਰਿਤਬੀਰ ਸਿੰਘ,ਡਾ. ਅਮਨਪ੍ਰੀਤ ਸਿੰਘ ਸੇਠੀ,ਡਾ. ਜਸਪ੍ਰੀਤ ਸਿੰਘ ਓਬਰਾਏ,ਡਾ. ਵਰਿੰਦਰ ਸਿੰਘ,ਡਾ. ਗੁਰਸੇਵਕ ਸਿੰਘ ਬਰਾੜ,ਡਾ. ਜਤਿੰਦਰ ਸਿੰਘ ਸੈਣੀ,ਡਾ. ਜਸਲੀਨ ਕੌਰ ਕਥੂਰੀਆ ਅਤੇ ਡਾ. ਕਿਰਨਪ੍ਰੀਤ ਕੌਰ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।