ਤਪਾ ਮੰਡੀ 3 ਸਤੰਬਰ(ਯਾਦਵਿੰਦਰ ਸਿੰਘ ਤਪਾ)-
ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਵੇਰੇ 10 ਵਜੇ ਦੇ ਕਰੀਬ ਪਿੰਡ ਘੁੰਨਸ ਨੇੜੇ ਤੇਜ ਰਫਤਾਰ ਕਾਰ ਗੁਜਰਾਂ ਦੀਆਂ ਦੋ ਮੱਝਾਂ ਨਾਲ ਟਕਰਾ ਗਈ ਜਿਸ ਕਾਰਨ ਇੱਕ ਮੱਝਦੀ ਮੌਤ ਅਤੇ ਇੱਕ ਜਖਮੀ ਹੋ ਗਈ ਪਰ ਚਾਲਕ ਵਾਲ-ਵਾਲ ਬਚ ਗਿਆ ਅਤੇ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮੌਕੇ ‘ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਾਰ ਚਾਲਕ ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੱਕਾਂ ਨੇ ਦੱਸਿਆ ਕਿ ਰਾਮਾ ਮੰਡੀ ਰਿਫਾਇਨਰੀ ‘ਚ ਲੱਗਾ ਹੋਇਆ ਹੈ,ਚੰਡੀਗੜ੍ਹ ਤੋਂ ਮੁਲਾਜਮ ਨੂੰ ਲੈਣ ਲਈ ਜਾ ਰਿਹਾ ਸੀ,.ਜਦੋਂ ਉਹ ਮੁੱਖ ਮਾਰਗ ‘ਤੇ ਸਥਿਤ ਪਿੰਡ ਘੁੰਨਸ ਨੇੜੇ ਪੁੱਜਾ ਤਾਂ ਡਿਵਾਇਡਰ ਸਾਈਡ ਤੋਂ ਨਿਕਲਕੇ ਗੁਜਰਾਂ ਦੀਆਂ ਦੋ ਮੱਝਾਂ ਗੱਡੀ ਅੱਗੇ ਆ ਗਈਆਂ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ‘ਤੇ ਇੱਕ ਝੋਟੀ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋਕੇ ਡਿੱਗ ਪਈ। ਘਟਨਾ ਦਾ ਪਤਾ ਲੱਗਦੈ ਹੀ ਨੇੜਲੇ ਖੇਤਾਂ ‘ਚ ਕੰਮ ਕਰਦੇ ਮਜਦੂਰ,ਕਿਸਾਨਾਂ ਨੇ ਮੌਕੇ ‘ਤੇ ਪਹੁੰਚਕੇ ਸੜਕ ਸੁਰੱਖਿਆ ਪੁਲਸ ਨੂੰ ਸੂਚਨਾ ਦਿੱਤੀ ਤਾਂ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਸੜਕ ਵਿਚਕਾਰ ਮਰੇ ਪਸ਼ੂ ਨੂੰ ਇੱਕ ਪਾਸੇ ਕਰਵਾਕੇ ਆਵਾਜਾਈ ਬਹਾਲ ਕਰਵਾਈ ਅਤੇ ਜਖਮੀ ਮੱਝ ਦਾ ਇਲਾਜ ਕਰਵਾਉਣ ਲਈ ਪਿੰਡ ਘੁੰਨਸ ਤੋਂ ਵੈਟਰਨਰੀ ਜਗਪਾਲ ਸਿੰਘ ਨੂੰ ਬੁਲਾਕੇ ਇੰਜੈਕਸ਼ਨ ਕਰਵਾਇਆ ਗਿਆ। ਇਸ ਹਾਦਸੇ ‘ਚ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਚਾਲਕ ਵਾਲ-ਵਾਲ ਬਚ ਗਿਆ।