ਸ੍ਰੀ ਫ਼ਤਹਿਗੜ੍ਹ ਸਾਹਿਬ/10 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹੇ ਵਿੱਚ ਪਰਾਲੀ ਨਾ ਸਾੜਨ ਨੂੰ ਯਕੀਨੀ ਬਣਾਉਣ ਦੇ ਮੰਤਵ ਲਈ ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ, ਡਾ. ਸੋਨਾ ਥਿੰਦ ਨੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ, ਸ਼ੀਨਾਜ਼ ਮਿੱਤਲ ਦੇ ਨਾਲ ਪਿੰਡ ਹਵਾਰਾ ਕਲਾਂ ਦੀ ਖੇਤੀਬਾੜੀ ਸੁਸਾਇਟੀ ਦਾ ਦੌਰਾ ਕੀਤਾ ਤੇ ਨਾਲ ਹੀ ਪਿੰਡ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਮਸ਼ੀਨਰੀ ਬੇਲਰ ਤੇ ਰੈਕ ਦੀ ਵਰਤੋਂ ਦਾ ਜਾਇਜ਼ਾ ਲਿਆ ਤਾਂ ਜੋ ਵਾਤਾਵਰਨ ਦੀ ਸੰਭਾਲ ਅਤੇ ਝੋਨੇ ਦੀ ਪਰਾਲੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਨੂੰ ਇਹਨਾਂ ਮਸ਼ੀਨਾਂ ਦੀ ਵਰਤੋਂ ਦਿਖਾਈ ਗਈ ਤਾਂ ਜੋ ਉਹ ਵੀ ਆਪਣੇ ਖੇਤਾਂ ਵਿੱਚ ਇਹਨਾਂ ਦੀ ਵਰਤੋਂ ਨਾਲ ਪਰਾਲੀ ਪ੍ਰਬੰਧਨ ਯਕੀਨੀ ਬਣਾਉਣ।ਪਿੰਡ ਹਵਾਰਾ ਕਲਾਂ ਦੀ ਸਹਿਕਾਰੀ ਸਭਾ ਕੋਲ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਮੁਹੱਈਆ ਕਰਵਾਈ ਗਈ 80 ਫੀਸਦੀ ਸਬਸਿਡੀ ਸਕੀਮ ਤਹਿਤ ਪ੍ਰਾਪਤ ਐਕਸ-ਸੀਟੂ ਮਸ਼ੀਨਰੀ ਹੈ, ਜਿਸ ਵਿੱਚ ਇੱਕ ਬੇਲਰ ਅਤੇ ਇੱਕ ਰੇਕ ਸ਼ਾਮਲ ਹੈ ਅਤੇ ਇੱਕ ਟਰੈਕਟਰ ਸ਼ਾਮਲ ਹੈ।ਡਾ. ਥਿੰਦ ਨੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਇਸ ਸੀਜ਼ਨ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਪ੍ਰਸ਼ਾਸਨ ਦੇ ਅਟੁੱਟ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਪਰਾਲੀ ਸਾੜਨ ਦੇ ਨਾਲ ਨਾ ਸਿਰਫ਼ ਵਾਤਾਵਰਨ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ 'ਤੇ ਵੀ ਹਾਨੀਕਾਰਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਆਖਰਕਾਰ ਟਿਕਾਊ ਖੇਤੀਬਾੜੀ ਅਭਿਆਸ ਖ਼ਤਰੇ ਵਿੱਚ ਪੈਂਦੀ ਹੈ।ਸ਼ਿਨਾਜ਼ ਮਿੱਤਲ, ਡੀ.ਆਰ., ਨੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਇਹਨਾਂ ਉਪਕਰਨਾਂ ਦੀ ਵਰਤੋਂ ਨੂੰ ਇੱਕ ਨਿਵੇਸ਼ ਵਜੋਂ ਦੇਖਣ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਹਵਾ, ਪਾਣੀ ਅਤੇ ਮਿੱਟੀ ਦਾ ਵਾਅਦਾ ਕਰਨ।ਇਸ ਮੌਕੇ ਹਾਜ਼ਰ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਵਾਢੀ ਤੋਂ ਬਾਅਦ ਆਪਣੀ ਪਰਾਲੀ ਦਾ ਜ਼ਿੰਮੇਵਾਰੀ ਨਾਲ ਪ੍ਰਬੰਧਨ ਕਰਨਗੇ।ਇਸ ਮੌਕੇ ਡਾ. ਧਰਮਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਤਹਿਗੜ੍ਹ ਸਾਹਿਬ, ਹਰਪ੍ਰੀਤ ਕੌਰ ਸਹਾਇਕ ਰਜਿਸਟਰਾਰ ਖਮਾਣੋਂ ਅਤੇ ਪੀਪੀਸੀਬੀ ਦੇ ਅਧਿਕਾਰੀ ਵੀ ਹਾਜ਼ਰ ਸਨ।