ਸ਼੍ਰੀ ਫ਼ਤਹਿਗੜ੍ਹ ਸਾਹਿਬ 20 ਦਸੰਬਰ
(ਰਵਿੰਦਰ ਸਿੰਘ ਢੀਂਡਸਾ)
ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਦੋ ਛੋਟੇ ਸ਼ਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, 14 ਵਾਂ ਖੂਨਦਾਨ ਕੈਂਪ ਅੱਜ ਮਾਡਰਨ ਵੈਲੀ ਫ਼ਤਹਿਗੜ੍ਹ ਸਾਹਿਬ ਵਿਖੇ ਏਕਮ ਕੋਲੋਨਾਇਜਰਜ, ਅਮਰ ਹਸਪਤਾਲ ਪਟਿਆਲਾ, ਪੀ.ਜੀ.ਆਈ. ਚੰਡੀਗੜ ਅਤੇ ਸੈਕਟਰ 32 ਹਸਪਤਾਲ ਚੰਡੀਗੜ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਲਗਭਗ 150 ਵਿਅਕਤੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਕੈਂਪ ਦੀ ਖਾਸੀਅਤ ਇਹ ਰਹੀ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਵਸਨੀਕ ਤੇ ਸੀਨਿਅਰ ਵਕੀਲ ਮਨਪ੍ਰੀਤ ਸਿੰਘ ਸਾਹੀ ਨੇ 121 ਵੀਂ ਵਾਰ ਖੂਨ ਦਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਖੂਨ ਦਾਨ ਕਰਨ ਦੀ ਚੇਟਕ ਉਨ੍ਹਾਂ ਨੂੰ ਸੰਨ 1992 ਤੋਂ ਚੰਗੇ ਦੋਸਤਾਂ ਦੇ ਸਹਿਯੋਗ ਸਦਕਾ ਲੱਗੀ ਹੋਈ ਹੈ। ਉਸ ਤੋਂ ਬਾਅਦ ਉਹ ਲਗਾਤਾਰ ਬਲੱਡ ਡੋਨਰ ਸੁਸਾਇਟੀ ਬਸੀ ਪਠਾਣਾ, ਭਾਰਤ ਵਿਕਾਸ ਪ੍ਰੀਸ਼ਦ ਨਾਲ ਜੁੜੇ ਹੋਏ ਹਨ, ਜ਼ੋ ਕਿ ਹਰ 3 ਮਹੀਨੇ ਬਾਅਦ ਪੀ.ਜੀ.ਆਈ. ਚੰਡੀਗੜ ਨੂੰ ਸਹਿਯੋਗ ਕਰਦੇ ਹੋਏ ਖੂਨ ਦਾਨ ਕੈਂਪ ਲਗਾਉਂਦੇ ਰਹਿੰਦੇ ਹਨ।