ਸ੍ਰੀ ਫ਼ਤਹਿਗੜ੍ਹ ਸਾਹਿਬ/10 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸੂਬੇ ਭਰ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਵੱਖ ਵੱਖ ਧੜਿਆਂ ਨੇ ਆਪਣੇ ਧੜੇ ਦਾ ਸਰਪੰਚ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਉੱਥੇ ਹੀ ਜਿਲ੍ਹੇ ਦੇ ਪਿੰਡ ਢੋਲਾਂ ਵਿਖੇ ਧੜੇਬੰਦੀ ਨੂੰ ਖਤਮ ਕਰਦੇ ਹੋਏ ਸਮੂਹ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਦੀ ਚੋਣ ਕੀਤੀ ਹੈ। ਨਵੀਂ ਚੁਣੀ ਗਈ ਪੰਚਾਇਤ ਵੱਲੋਂ ਗੁਰੂ ਦੇ ਸ਼ੁਕਰਾਨੇ ਲਈ ਇਕੱਠੇ ਹੋ ਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਜਾਪ ਕਰਵਾਏ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਦੇ ਹੋਏ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਧੰਨਵਾਦ ਕੀਤਾ।ਵਿਧਾਇਕ ਰਾਏ ਨੇ ਕਿਹਾ ਕਿ ਹਲਕੇ ਅੰਦਰ ਲਗਭਗ 40 ਦੇ ਕਰੀਬ ਸਰਬ ਸੰਮਤੀ ਨਾਲ ਪੰਚਾਇਤਾਂ ਬਣ ਚੁੱਕੀਆਂ ਹਨ ਜੋ ਕਿ ਲੋਕਾਂ ਦਾ ਇੱਕ ਵੱਡਾ ਉਪਰਾਲਾ ਹੈ ਜਿਸ ਨਾਲ ਪਿੰਡ ਵਿੱਚ ਅਮਨ ਅਮਾਨ ਸ਼ਾਂਤੀ ਭਾਈਚਾਰਕ ਸਾਂਝ ਤਾਂ ਵਧੇਗੀ ਹੀ,ਉਸ ਤੋਂ ਇਲਾਵਾ ਸਰਕਾਰ ਵੱਲੋਂ ਐਲਾਨੇ ਗਏ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਪਿੰਡ ਨੂੰ ਮਿਲੇਗੀ। ਵਿਧਾਇਕ ਰਾਏ ਨੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਿਸ ਪਿੰਡ ਵਿੱਚ ਵੋਟਾਂ ਰਾਹੀਂ ਸਰਪੰਚਾਂ ਪੰਚਾਂ ਦੀ ਚੋਣ ਹੋਣੀ ਹੈ ਉਹ ਵੀ ਪੂਰੇ ਸ਼ਾਂਤਮਈ ਢੰਗ ਨਾਲ ਕਿਸੇ ਪੜ੍ਹੇ ਲਿਖੇ ਨੌਜਵਾਨ ਨੂੰ ਪਿੰਡ ਦਾ ਸਰਪੰਚ ਬਣਾਉਣ ਜੋ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਪਿੰਡ ਲਈ ਕੰਮ ਕਰੇ।ਇਸ ਮੌਕੇ ਗ੍ਰੰਥੀ ਭਾਈ ਬੂਟਾ ਸਿੰਘ,ਬਲਾਕ ਪ੍ਰਧਾਨ ਅਜੀਤ ਸਿੰਘ ਤਿੰਬਰਪੁਰ, ਬਲਵਾਨ ਸਿੰਘ ਝਾਂਮਪੁਰ,ਸਰਪੰਚ ਹਰਵਿੰਦਰ ਕੌਰ, ਹਰਜਿੰਦਰ ਸਿੰਘ , ਹਰਜੀਤ ਸਿੰਘ,ਧਰਮਿੰਦਰ ਸਿੰਘ,ਸੰਦੀਪ ਕੌਰ,ਮਨਦੀਪ ਕੌਰ ਸਾਰੇ ਮੈਂਬਰ , ਗੁਰਦੀਪ ਸਿੰਘ,ਬਲਵੰਤ ਸਿੰਘ,ਨੇਤਰ ਸਿੰਘ , ਗੁਰਨਾਮ ਸਿੰਘ,ਖੁਸ਼ਵੰਤ ਸਿੰਘ,ਤਰਸੇਮ ਸਿੰਘ , ਮਲਾਰ ਸਿੰਘ , ਸਤਵਿੰਦਰ ਸਿੰਘ ਅਤੇ ਪੰਚਾਇਤ ਸੈਕਟਰੀ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ ।