ਮੁੱਲਾਂਪੁਰ ਦਾਖਾ, 10 ਅਕਤੂਬਰ
ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਤੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਥਾਣਾ ਦਾਖਾ ਦੀ ਪੁਲਿਸ ਨੇ ਤਿੰਨ ਔਰਤਾਂ ਨੂੰ ਭੁੱਕੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦÇਆਂ ਸਬ- ਡਵੀਜਨ ਦਾਖਾ ਦੇ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਦਾਖਾ ਮੁੱਖੀ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੇ ਆਦੇਸ਼ ਅਨੁਸਾਰ ਏ.ਐਸ.ਆਈ. ਇੰਦਰਜੀਤ ਸਿੰਘ ਵੱਲੋਂ ਜਦੋਂ ਆਪਣੀ ਪੁਲਸ ਪਾਰਟੀ ਨਾਲ ਸ਼ੱਕੀ ਵਿਅਕਤੀਆਂ / ਵਹੀਕਲਾਂ ਦੇ ਸਬੰਧ ਵਿੱਚ ਗੁਰ ਨਾਨਕ ਪਬਲਿਕ ਸਕੂਲ ਨੇੜੇ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਰੱਜੀ ਪਤਨੀ ਮੁਖਤਿਆਰ ਸਿਘ ਵਾਸੀ ਬੂੜਾ ਪੱਤੀ ਦਾਖਾ, ਅੱਕੀ ਕੌਰ ਪਤਨੀ ਸਤਨਾਮ ਸਿੰਘ ਵਾਸੀ ਲਤਾਲਾ ਅਤੇ ਸੋਨੀਆ ਪਤਨੀ ਸਤਪਾਲ ਸਿੰਘ ਵਾਸੀ ਲੋਹਾਰਾ (ਮੋਗਾ) ਤਿੰਨੇ ਆਪਸ ਵਿੱਚ ਰਿਸ਼ੇਦਾਰ ਹਨ ਅਤੇ ਇਹ ਭੁੱਕੀ ਲਿਆ ਕੇ ਅੱਗੇ ਗਾਹਕਾਂ ਨੂੰ ਸਪਲਾਈ ਕਰਦੀਆਂ ਹਨ ਅਤੇ ਹੁਣ ਇਹ ਤਿੰਨੇ ਔਰਤਾਂ ਇੱਕ ਸਾਈਕਲ ਰਿਕਸ਼ਾ ਰੇਹੜੀ ਵਿੱਚ ਪਲਾਸਟਿਕ ਦੇ ਗੱਟੂ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਪਿੰਡ ਦਾਖਾ ਤੋਂ ਪਿੰਡ ਈਸੇਵਾਲ ਵੱਲ ਜਾ ਰਹੀਆਂ ਹਨ । ਉਹਨਾਂ ਦੱਸਿਆ ਕਿ ਇਤਲਾਹ ਅਨੁਸਾਰ ਪਿੰਡ ਦਾਖਾ ਤੋਂ ਈਸੇਵਾਲ ਵੱਲ ਜਾਂਦੇ ਰਾਹ ’ਤੇ ਸੱਥਿਤ ਪੁੱਲ ਸੂਆ ਪਰ ਨਾਕਾਬੰਦੀ ਕਰਨ ਉਪਰੰਤ ਉੱਕਤ ਔਰਤਾਂ ਨੂੰ ਸਾਈਕਲ ਰੇਹੜੀ ਰਿਕਸ਼ਾ ਸਮੇਤ ਕਾਬੂ ਕਰਕੇ ਸਾਈਕਲ ਰੇਹੜੀ ਰਿਕਸ਼ਾ ਵਿੱਚ ਰੱਖੇ ਪਲਾਸਟਿਕ ਦੇ ਗਟੂ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 32 ਕਿਲੋ 630 ਗ੍ਰਾਮ ਭੁੱਕੀ ਬਰਮਾਦ ਹੋਈ । ਡੀ.ਐਸ.ਪੀ ਖੋਸਾ ਨੇ ਦੱਸਿਆ ਕਿ ਕਾਬੂ ਕੀਤੀਆਂ ਗਈਆਂ ਤਿੰਨਾ ਔਰਤਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਵਿਭਾਗੀ ਕਾਰਵਾਈ ਆਰੰਭ ਕਰ ਦਿੱਤੀ ਹੈ ।