ਚੰਡੀਗੜ੍ਹ, 1 ਨਵੰਬਰ
ਗਰਮੀ ਦੇ ਮੌਸਮ ਦੀ ਗਰਮੀ ਤੋਂ ਬਾਅਦ ਅਕਸਰ ਦੇਖਿਆ ਜਾਂਦਾ ਹੈ ਕਿ ਅਕਤੂਬਰ ਦੇ ਮਹੀਨੇ ਠੰਡ ਪੈ ਜਾਂਦੀ ਹੈ ਪਰ ਇਸ ਸਾਲ ਮੌਸਮ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ। ਪਿਛਲੇ ਇੱਕ ਹਫ਼ਤੇ ਤੋਂ ਚੰਡੀਗੜ੍ਹ ਸਮੇਤ ਪੰਜਾਬ ਦਾ ਔਸਤ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਰਿਹਾ ਹੈ।
ਬੀਤੇ ਦਿਨ ਕੁਝ ਲੋਕ 31 ਅਕਤੂਬਰ ਅਤੇ ਕੁਝ 1 ਨਵੰਬਰ ਨੂੰ ਦੀਵਾਲੀ ਮਨਾ ਰਹੇ ਸਨ, ਅਜਿਹੇ 'ਚ ਬੁੱਧਵਾਰ ਰਾਤ ਤੋਂ ਹੀ ਪਟਾਕਿਆਂ ਦੀ ਵਰਤੋਂ ਵਧਣੀ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਵਾਤਾਵਰਣ 'ਚ ਪ੍ਰਦੂਸ਼ਣ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਆਈ ਅਤੇ ਇਸ ਦੇ ਨਾਲ ਹੀ ਤਾਪਮਾਨ 'ਚ ਵੀ ਵਾਧਾ ਦੇਖਿਆ ਗਿਆ।
ਦੀਵਾਲੀ ਦੀ ਰਾਤ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ 'ਤੇ ਪਹੁੰਚ ਗਿਆ। ਜ਼ਿਆਦਾਤਰ ਸ਼ਹਿਰਾਂ 'ਚ ਪ੍ਰਦੂਸ਼ਣ ਆਰੇਂਜ ਅਲਰਟ 'ਤੇ ਪਹੁੰਚ ਗਿਆ ਹੈ, ਯਾਨੀ ਇੱਥੇ ਗ੍ਰੇਡ-1 ਦਾ ਦਰਜਾ ਲਾਗੂ ਕਰ ਦਿੱਤਾ ਗਿਆ ਹੈ। ਰਾਤ ਨੂੰ ਆਤਿਸ਼ਬਾਜ਼ੀ ਸ਼ੁਰੂ ਹੋਣ 'ਤੇ AQI 500 ਨੂੰ ਪਾਰ ਕਰ ਗਿਆ।
ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਦੇ ਮਾਹਰਾਂ ਅਨੁਸਾਰ, ਪੱਛਮੀ ਗੜਬੜੀ ਦੀ ਘਾਟ ਜੋ ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਲਿਆਉਂਦੀ ਹੈ, ਇਸ ਅਕਤੂਬਰ ਦੀ ਗਰਮੀ ਦਾ ਮੁੱਖ ਕਾਰਨ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ, ਜੋ ਕਿ ਆਮ ਨਾਲੋਂ ਕਰੀਬ 5 ਡਿਗਰੀ ਵੱਧ ਹੈ।