ਸ੍ਰੀ ਫ਼ਤਹਿਗੜ੍ਹ ਸਾਹਿਬ/15 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਖੇਡ ਸਟੇਡੀਅਮ ਸਰਹਿੰਦ ਵਿਖੇ 19 ਨਵੰਬਰ ਨੂੰ ਕਰਵਾਏ ਜਾਣ ਵਾਲੇ ਨਵੇਂ ਚੁਣੇ ਪੰਚਾਂ ਦੇ ਜਿਲਾ ਪੱਧਰੀ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਂਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਰਦਾਰ ਤਰੁਨਪ੍ਰੀਤ ਸਿੰਘ ਸੌਦ 2457 ਨਵੇਂ ਚੁਣੇ ਪੰਚਾਂ ਨੂੰ ਸਹੁੰ ਚੁਕਾਉਣਗੇ। ਡਿਪਟੀ ਕਮਿਸ਼ਨਰ ਨੇ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਆਦੇਸ਼ ਦਿੱਤੇ ਕਿ ਜ਼ਿਲਾ ਪੱਧਰੀ ਸਮਾਗਮ ਦੌਰਾਨ ਆਉਣ ਵਾਲੇ ਪੰਚਾਂ ਅਤੇ ਉਨਾਂ ਦੇ ਪਰਿਵਾਰਾਂ ਦੇ ਬੈਠਣ ਅਤੇ ਹੋਰ ਸਹੂਲਤਾਂ ਦਾ ਧਿਆਨ ਰੱਖਿਆ ਜਾਵੇ ਅਤੇ ਸਮਾਗਮ ਦੌਰਾਨ ਕਿਸੇ ਵੀ ਧਿਰ ਨੂੰ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਡਾ. ਸੋਨਾ ਥਿੰਦ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸਮਾਗਮ ਵਾਲੇ ਸਥਾਨ ਤੇ ਸੁਰੱਖਿਆ ਪ੍ਰਬੰਧ ਕਰਨ, ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਨੂੰ ਸਮਾਗਮ ਵਾਲੀ ਥਾਂ ਦੀ ਸਾਫ ਸਫਾਈ ਰੱਖਣ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਜ਼ਿਲਾ ਪੱਧਰੀ ਸਮਾਗਮ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸਡੀਐਮ ਫਤਿਹਗੜ੍ਹ ਸਾਹਿਬ ਅਰਵਿੰਦ ਗੁਪਤਾ, ਡੀਐਸਪੀ ਹਰਤੇਸ਼ ਕੌਸ਼ਿਕ, ਡੀਡੀਪੀਓ ਜਸਪ੍ਰੀਤ ਕੌਰ, ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਸਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।