ਸ੍ਰੀ ਫ਼ਤਹਿਗੜ੍ਹ ਸਾਹਿਬ/18 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ 'ਰਾਸ਼ਟਰੀ ਪ੍ਰੈਸ ਦਿਵਸ' ਮੌਕੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਨਾਮਵਰ ਚੈਨਲ 'ਪ੍ਰਾਈਮ ਏਸ਼ੀਆ ਟੈਲੀਵਿਜ਼ਨ' ਤੋਂ ਨਿਊਜ਼ ਐਂਕਰ ਵਜੋਂ ਕਾਰਜਸ਼ੀਲ ਕੁਲਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਰਣਨਯੋਗ ਹੈ ਕਿ ਕੁਲਦੀਪ ਕੌਰ ਮਾਤਾ ਗੁਜਰੀ ਕਾਲਜ ਦੀ ਪੁਰਾਣੀ ਹੋਣਹਾਰ ਵਿਦਿਆਰਥਣ ਹੈ ਜਿਸ ਨੇ ਪੱਤਰਕਾਰੀ ਵਿਭਾਗ ਤੋਂ ਸੰਨ 2016 ਵਿੱਚ ਐਮ.ਏ. ਪੱਤਰਕਾਰੀ ਦੀ ਡਿਗਰੀ ਪ੍ਰਾਪਤ ਕੀਤੀ ਸੀ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਪੱਤਰਕਾਰੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਤੇਜ਼ੀ ਨਾਲ ਬਦਲ ਰਹੇ ਮੀਡੀਆ ਉਦਯੋਗ ਵਿੱਚ ਵਿੱਦਿਅਕ ਗਿਆਨ ਦੇ ਨਾਲ-ਨਾਲ ਸਹਿ ਵਿੱਦਿਅਕ ਗਤੀਵਿਧੀਆਂ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ ਅਤੇ ਅਜਿਹੇ ਸਿੱਖਿਆ ਭਰਪੂਰ ਲੈਕਚਰ ਵਿਦਿਆਰਥੀਆਂ ਦੀ ਵਿਹਾਰਕ ਪ੍ਰਤਿਭਾ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਮੁੱਖ ਮਹਿਮਾਨ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰੀ ਦਾ ਮੁੱਢਲਾ ਉਦੇਸ਼ ਲੋਕਪੱਖੀ ਅਤੇ ਨਿਰਪੱਖ ਨਜ਼ਰੀਆ ਪੇਸ਼ ਕਰਨਾ ਹੁੰਦਾ ਹੈ ਤਾਂ ਜੋ ਬੇਹਤਰ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਦੱਸਿਆ ਕਿ ਅਜੋਕੇ ਸੂਚਨਾ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸੂਚਨਾ ਦਾ ਸਹੀ ਪ੍ਰਚਾਰ-ਪ੍ਰਸਾਰ ਕਰਨ, ਪੱਤਰਕਾਰੀ ਦੀਆਂ ਨੈਤਿਕ ਕਦਰਾਂ ਕੀਮਤਾਂ ਬਣਾਈ ਰੱਖਣ ਅਤੇ ਵਿਕਾਸ ਦੇ ਮੁੱਖ ਮਸਲਿਆਂ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਿੱਚ ਪੱਤਰਕਾਰੀ ਖੇਤਰ ਨਾਲ ਜੁੜੀ ਨੌਜਵਾਨ ਪੀੜ੍ਹੀ ਅਹਿਮ ਭੂਮਿਕਾ ਨਿਭਾਅ ਸਕਦੀ ਹੈ।ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਮੁੱਢਲੇ ਸਿਧਾਂਤ, ਸਰੂਪ ਅਤੇ ਸਮੱਸਿਆਵਾਂ ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਹਰਪ੍ਰੀਤ ਕੌਰ ਪਬਰੀ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਨਾਦਿਸ਼ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।