ਸ੍ਰੀ ਫਤਿਹਗੜ੍ਹ ਸਾਹਿਬ/19 ਨਵੰਬਰ
(ਰਵਿੰਦਰ ਸਿੰਘ ਢੀਂਡਸਾ)
ਮਾਨਸਿਕ ਤਨਾਅ, ਸਿਗਰਟਨੋਸ਼ੀ, ਸਰਾਬ ਦਾ ਸੇਵਨ, ਸੰਤੁਲਿਤ ਭੋਜਨ ਦੀ ਘਾਟ, ਸਰੀਰਕ ਕੰਮ ਦੀ ਘਾਟ, ਮੋਟਾਪਾ ਆਦਿ ਸ਼ੂਗਰ ਹੋਣ ਦੇ ਮੁੱਖ ਕਾਰਨ ਹਨ ,ਪਰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾ ਕਰਕੇ ਸ਼ੂਗਰ ਹੋਣ ਤੋਂ ਬਚਿਆ ਜਾ ਸਕਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਖਾਨਦਾਨ ਵਿੱਚ ਪਹਿਲਾਂ ਤੋਂ ਹੀ ਮੌਜੂਦ ਸ਼ੂਗਰ ਦਾ ਮਰੀਜ਼ ਵੀ ਇਸ ਦਾ ਮੁੱਖ ਕਾਰਨ ਹੈ। ਡਾ. ਦਵਿੰਦਰਜੀਤ ਕੌਰ ਨੇ ਸ਼ੂਗਰ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਜਿਆਦਾ ਭੁੱਖ,ਪਿਆਸ ਲੱਗਣਾ ,ਪਿਸ਼ਾਬ ਜਿਆਦਾ ਆਉਣਾ, ਹਰ ਵੇਲੇ ਥਕਾਵਟ ਮਹਿਸੂਸ ਕਰਨਾ, ਧੁੰਦਲੀ ਤੇ ਕਮਜ਼ੋਰ ਨਜ਼ਰ, ਜਖਮ ਭਰਨ ਵਿੱਚ ਜਿਆਦਾ ਸਮਾਂ ਲੱਗਣਾ, ਹੱਥਾਂ ਪੈਰਾਂ ਵਿੱਚ ਝੁਣਝੁਣਾਹਟ ਜਾਂ ਸੁੰਨ ਹੋਣਾ,ਅਚਾਨਕ ਵਜਨ ਦਾ ਘਟਨਾ ਆਦਿ ਸ਼ੂਗਰ ਦੇ ਮੁੱਖ ਲੱਛਣ ਹੁੰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਹੋਣ ਤੇ ਤੁਰੰਤ ਸਾਨੂੰ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ ,ਸਰਕਾਰ ਵੱਲੋਂ ਹਸਪਤਾਲਾਂ ਵਿੱਚ ਇਸ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ਨੇ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾ ਭੋਜਨ ਵਿੱਚ ਹਰੀਆਂ ਸਬਜ਼ੀਆਂ, ਸਲਾਦ, ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਆਟੇ ਨੂੰ ਬਿਨਾਂ ਛਾਣੇ ਵਰਤਿਆ ਜਾਵੇ, ਸ਼ੂਗਰ ਦੇ ਮਰੀਜ਼ ਨੂੰ ਖਾਣਾ ਥੋੜਾ ਥੋੜਾ ਕਰਕੇ ਕਈ ਵਾਰੀ ਖਾਣਾ ਚਾਹੀਦਾ ਹੈ।, ਹਰ ਰੋਜ ਸੈਰ /ਕਸਰਤ ਕਰਨੀ ਚਾਹੀਦੀ, ਯੋਗਾ ਤੇ ਧਿਆਨ ਕਰਕੇ ਮਾਨਸਿਕ ਤਨਾਵ ਨੂੰ ਘਟਾਇਆ ਜਾਵੇ, ਘੱਟੋ ਘੱਟ ਛੇ ਤੋਂ ਸੱਤ ਘੰਟੇ ਦੀ ਨੀਂਦ ਲਈ ਜਾਵੇ, ਸ਼ੂਗਰ ਦੇ ਮਰੀਜ਼ ਨੂੰ ਰੋਜਾਨਾ ਸਮੇਂ ਸਿਰ ਆਪਣੀ ਦਵਾਈ ਦਾ ਸੇਵਨ ਕਰਨਾ ਅਤੇ ਵਾਰ-ਵਾਰ ਸ਼ੂਗਰ ਦੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ, ਜਿਆਦਾ ਮਿੱਠੇ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਡਾਕਟਰ ਵੱਲੋਂ ਸੁਝਾਈਆਂ ਸਾਵਧਾਨੀਆਂ ਰੱਖ ਕੇ ਅਸੀਂ ਸ਼ੂਗਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਾਂ। ਇਸ ਮੌਕੇ ਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਗਗਨਦੀਪ ਸਿੰਘ, ਮਾਨਵ ਸ਼ਾਹ, ਧਰਮ ਸਿੰਘ, ਮਨਬੀਰ ਸਿੰਘ ਅਤੇ ਆਮ ਲੋਕ ਹਾਜ਼ਰ ਸਨ।