ਸ੍ਰੀ ਚਮਕੌਰ ਸਾਹਿਬ 20 ਨਵੰਬਰ (ਲੱਖਾ)
ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਕਬਾੜ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਤੋਂ ਇੱਕ ਜੁਗਾੜੂ ਰਿਕਸ਼ਾ ਰੇਹੜੀ ਵਿੱਚੋ 10 ਪੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਕਰਕੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਨਰਸਰੀ ਮੋੜ, ਸ੍ਰੀ ਚਮਕੌਰ ਸਾਹਿਬ ਤੇ ਨਾਕੇਬੰਦੀ ਤੇ ਮੌਜੂਦ ਸੀ, ਇਸ ਸਮੇਂ ਉਹਨਾਂ ਦੇ ਨਾਲ ਸ੍ਰੀ ਸੌਰਵ ਗੁਪਤਾ ਐਕਸਾਈਜ਼ ਇੰਸਪੈਕਟਰ, ਆਬਕਾਰੀ ਸਰਕਲ ਮੋਰਿੰਡਾ ਵੀ ਹਾਜ਼ਰ ਸਨ। ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਜੁਗਾੜੂ ਰਿਕਸ਼ਾ ਰੇਹੜੀ ਨਾਕੇ ਤੇ ਆਈ, ਜਿਸ ਤੇ ਕਬਾੜ ਦਾ ਸਮਾਨ ਲੱਦਿਆ ਹੋਇਆ ਸੀ ਤੇ ਇਸ ਸਮਾਨ ਉੱਪਰ ਇੱਕ ਹੋਰ ਵਿਅਕਤੀ ਬੈਠਾ ਸੀ। ਉਹਨਾਂ ਦੱਸਿਆ ਕਿ ਜਦੋਂ ਇਸ ਜੁਗਾੜੂ ਰਿਕਸ਼ਾ ਰਹੇੜੀ ਨੂੰ ਚੈੱਕ ਕੀਤਾ ਗਿਆ ਤਾਂ ਚੈਕਿੰਗ ਦੌਰਾਨ ਕਬਾੜ ਦੇ ਹੇਠਾਂ ਤੋਂ 10 ਪੇਟੀਆਂ, ਦੇਸੀ ਸ਼ਰਾਬ, ਮਾਲਵਾ ਨੰਬਰ ਇੱਕ, ਫਾਰ ਸੇਲ ਇਨ ਪੰਜਾਬ ਬਰਾਮਦ ਕੀਤੀਆਂ ਗਈਆਂ । ਉਹਨਾਂ ਦੱਸਿਆ ਕਿ ਜੁਗਾੜੂ ਰਿਕਸ਼ਾ ਰੇਹੜੀ ਦੇ ਚਾਲਕ ਨੂੰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਨਾਮ ਅਜੇ ਪੁੱਤਰ ਗੁਰਦਿਆਲ ਵਾਸੀ ਇੰਦਰਾ ਕਲੋਨੀ ਵਾਰਡ ਨੰਬਰ 10 ਸ੍ਰੀ ਚਮਕੌਰ ਸਾਹਿਬ ਅਤੇ ਪਿੱਛੇ ਬੈਠੇ ਵਿਅਕਤੀ ਵੱਲੋਂ ਆਪਣਾ ਨਾਮ ਰੋਸ਼ਨ ਲਾਲ ਪੁੱਤਰ ਰਾਮ ਪ੍ਰਕਾਸ਼ ਵਾਸੀ ਇੰਦਰਾ ਕਲੋਨੀ ਵਾਰਡ ਨੰਬਰ 10 ਸ੍ਰੀ ਚਮਕੌਰ ਸਾਹਿਬ ਦੱਸਿਆ । ਉਹਨਾਂ ਦੱਸਿਆ ਕਿ ਇਹ ਦੋਨੋਂ ਦੋਸ਼ੀ ਬਰਾਮਦ ਕੀਤੀ ਗਈ ਸ਼ਰਾਬ ਸਬੰਧੀ ਕੋਈ ਵੀ ਪਰਮਿਟ ਜਾਂ ਲਾਈਸੈਂਸ ਪੇਸ਼ ਨਹੀਂ ਕਰ ਸਕੇ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਨੋ ਦੋਸ਼ੀਆਂ ਅਜੇ ਅਤੇ ਰੋਸ਼ਨ ਲਾਲ ਵਿਰੁੱਧ ਆਬਕਾਰੀ ਐਕਟ ਦੀਆਂ ਧਰਾਵਾਂ 61/1/14 ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।