ਡੱਬਵਾਲੀ, 20 ਨਵੰਬਰ (ਇਕਬਾਲ ਸਿੰਘ ਸ਼ਾਂਤ)
ਜ਼ਿਲ੍ਹਾ ਪੁਲਿਸ ਡੱਬਵਾਲੀ ਨੇ ਪੰਜਾਬ ਰੋਡਵੇਜ ਦੇ ਕੰਡਕਟਰ ਤੋਂ ਲੁੱਟ ਮਾਮਲੇ ਵਿੱਚ ਅੰਤਰਾਜੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਆਈਏ ਡੱਬਵਾਲੀ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਬਲੇਨੋ ਗੱਡੀ ਸਮੇਤ ਕਾਬੂ ਕੀਤਾ ਹੈ। ਇਸ ਗਿਰੋਹ ’ਤੇ ਬੜਾਗੁਢਾ ਦੇ ਨੇੜੇ ਪਿੰਡ ਲੱਕੜਾਂਵਾਲੀ ਵਿੱਚ ਬੈਂਕ ਮੈਨੇਜਰ ਨੂੰ ਅਗਵਾ ਕਰਕੇ ਪੰਜ ਲੱਖ ਰੁਪਏ ਫਿਰੌਤੀ ਮੰਗਣ ਅਤੇ ਲੁੱਟ-ਖਸੁੱਟ ਦੀਆਂ 15 ਹੋਰ ਵਾਰਦਾਤਾਂ ਦੇ ਦੋਸ਼ ਅਤੇ ਵੱਖ-ਵੱਖ ਮੁਕੱਦਮੇ ਵੀ ਦਰਜ ਹਨ। ਕੁੱਝ ਦਿਨ ਪਹਿਲਾਂ ਅਬੁੱਬਸ਼ਹਿਰ ਦੇ ਕੋਲ ਲੁੱਟ-ਖੋਹ ਦੀ ਵਾਰਦਾਤ ਨੂੰ ਵੀ ਇਸੇ ਗਿਰੋਹ ਨੇ ਅੰਜਾਮ ਦਿੱਤਾ ਸੀ। ਖੇਤਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜਰ ਸੀਆਈਏ ਸਟਾਫ ਡੱਬਵਾਲੀ ਸੁਰਾਗ ਜੁਟਾਉਣ ਵਿੱਚ ਜੁਟੀ ਹੋਈ ਸੀ। ਮੁਲਜਮਾਂ ਦੀ ਦੀ ਸ਼ਨਾਖਤ ਸਾਹਿਲ ਉਰਫ ਪਟਰੋਲ ਪੁੱਤਰ ਸੰਜੈ ਕੁਮਾਰ, ਮੋਹਿਤ ਉਰਫ ਗੋਗਾ ਪੁੱਤਰ ਤਰਸੇਮ ਲਾਲ, ਹਰਸ਼ ਉਰਫ ਗਿਆਨੀ ਪੁੱਤਰ ਸੁੱਖਾ ਸਿੰਘ ਵਾਸੀ ਵਾਰਡ 6, ਸੁੰਦਰਨਗਰ ਡੱਬਵਾਲੀ ਵਜੋਂ ਹੋਈ ਹੈ।
ਡੱਬਵਾਲੀ ਦੇ ਐਸਪੀ ਸਿਧਾਂਤ ਜੈਨ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬਲੇਨੋ ਕਾਰ ’ਤੇ ਸਵਾਰ ਅੰਤਰਰਾਜੀ ਲੁਟੇਰਾ ਗਿਰੋਹ ਦੇ ਮੈਬਰਾਂ ਨੇ ਬੀਤੀ 3 ਨਵੰਬਰ ਨੂੰ ਰਾਤ 8 ਵਜੇ ਪੰਜਾਬ ਰੋਡਵੇਜ ਵਿੱਚ ਬਤੌਰ ਕੰਡਕਟਰ ਤਾਇਨਾਤ ਗੁਰਲਾਲ ਸਿੰਘ ਵਾਸੀ ਪਿੰਡ ਮਟਦਾਦੂ ਤੋਂ ਪਿੰਡ ਮਸੀਤਾਂ ਦੇ ਨੇੜੇ ਉਸਦਾ ਕੰਡਕਟਰ ਬੈਗ ਖੋਹ ਲਿਆ ਸੀ। ਜਿਸ ਵਿੱਚ ਟਿਕਟ ਮਸ਼ੀਨ, 15 ਹਜਾਰ ਰੁਪਏ ਅਤੇ ਟਿਕਟਾਂ ਅਤੇ ਮੋਬਾਈਲ ਫੋਨ ਸੀ। ਘਟਨਾ ਸਮੇਂ ਕੰਡਕਟਰ ਡਿਊਟੀ ਤੋਂ ਫਾਰਗ ਹੋ ਕੇ ਮੋਟਰਸਾਇਕਲ ’ਤੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਜਿਸ ਬਾਰੇ ਥਾਣਾ ਸਦਰ ਡੱਬਵਾਲੀ ਵਿਖੇ ਮੁਕੱਦਮਾ ਦਰਜ ਹੈ। ਐਸਪੀ ਨੇ ਦੱਸਿਆ ਕਿ ਗਿ੍ਰਫ਼ਤਾਰ ਮੁਲਜਮਾਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਨਸ਼ਾ ਪੂਰਤੀ ਅਤੇ ਆਪਣੇ ਸ਼ੌਂਕ ਪੂਰੇ ਕਰਨ ਲਈ ਲੁੱਟ-ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਸ ਦਿਨ ਵੀ ਮੁਲਜਮਾਂ ਨੇ ਪੰਜਾਬ ਜਾਣ ਲਈ ਗੱਡੀ ਵਿੱਚ ਤੇਲ ਪੁਆਉਣ, ਖਾਣ-ਪੀਣ ਅਤੇ ਨਸ਼ਾ-ਪੂਰਤੀ ਲਈ ਪੈਸੇ ਨਹੀਂ ਸਨ। ਜਿਸ ਉੱਤੇ ਉਨ੍ਹਾਂ ਵਿਉਂਤਬੱਧ ਤਰੀਕੇ ਸੇ ਸੜਕ ਉੱਤੇ ਜਾ ਰਹੇ ਮੋਟਰਸਾਇਕਿਲ ਸਵਾਰ ਨੂੰ ਇਕੱਲਾ ਪਾਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਐਸਪੀ ਸਿਧਾਂਤ ਜੈਨ ਨੇ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਲੈ ਕੇ ਮੁਲਜਮਾਂ ਤੋਂ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਅਤੇ ਵਾਰਦਾਤ ਵਿੱਚ ਵਰਤੀ ਰਾਡ, ਡੰਡੇ, ਟਿਕਟ ਮਸ਼ੀਨ ਅਤੇ ਨਗਦੀ ਬਰਾਮਦ ਕੀਤੀ ਜਾਵੇਗੀ।