ਸ੍ਰੀ ਫ਼ਤਹਿਗੜ੍ਹ ਸਾਹਿਬ/20 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਇੱਕ 26 ਸਾਲਾ ਲੜਕੀ ਦੀ ਕਥਿਤ ਤੌਰ 'ਤੇ ਜ਼ਿਆਦਾ ਦਵਾਈ ਖਾ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਮੁਹੱਲਾ ਧੋਬੀਆਂ,ਬਸੀ ਪਠਾਣਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੀ ਲੜਕੀ ਅਮਨਜੋਤ ਕੌਰ(26) ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਦਿਮਾਗੀ ਤੌਰ 'ਤੇ ਕਾਫੀ ਪ੍ਰੇਸ਼ਾਨ ਹੋ ਜਾਣ ਕਾਰਨ ਉਸਦੀ ਲੜਕੀ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਜੋ ਕਿ ਇਨੀਂ ਦਿਨੀਂ ਉਸ ਕੋਲ ਹੀ ਰਹਿ ਰਹੀ ਸੀ।ਸੁਖਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਅਮਨਜੋਤ ਕੌਰ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਦਵਾਈ ਲੈਣ ਲਈ ਆਈ ਸੀ ਜੋ ਕਿ ਦਵਾਈ ਲੈ ਕੇ ਗਲਤੀ ਨਾਲ ਬਸੀ ਪਠਾਣਾਂ ਦੀ ਬਜਾਏ ਪਟਿਆਲਾ ਵਾਲੀ ਬੱਸ 'ਚ ਬੈਠ ਗਈ ਤੇ ਪਿੰਡ ਆਦਮਪੁਰ ਦੇ ਬੱਸ ਅੱਡੇ 'ਤੇ ਬੱਸ 'ਚੋਂ ਉੱਤਰ ਕੇ ਉਹ ਜਦੋਂ ਪੈਦਲ ਘਰ ਵੱਲ ਨੂੰ ਤੁਰੀ ਆ ਰਹੀ ਸੀ ਤਾਂ ਜ਼ਿਆਦਾ ਦਵਾਈ ਖਾ ਲੈਣ ਕਾਰਨ ਆਦਮਪੁਰ ਵਾਲੀ ਨਹਿਰ ਨਜ਼ਦੀਕ ਚੱਕਰ ਖਾ ਕੇ ਉਹ ਸੜਕ 'ਤੇ ਡਿੱਗ ਕੇ ਬੇਹੋਸ਼ ਹੋ ਗਈ।ਜਿਸ ਨੂੰ ਚੁੱਕ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਅਮਨਜੋਤ ਕੌਰ ਨੂੰ ਮਿ੍ਰਤਕ ਕਰਾਰ ਦੇ ਦਿੱਤਾ।ਸੁਖਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਦੀ ਮੌਤ ਡਿਪਰੈਸ਼ਨ 'ਚ ਜ਼ਿਆਦਾ ਦਵਾਈ ਖਾ ਲੈਣ ਕਾਰਨ ਹੋਈ ਹੈ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਤੇ ਨਾ ਹੀ ਉਹ ਇਸ ਮਾਮਲੇ 'ਚ ਕਿਸੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਹਨ।ਮਿ੍ਰਤਕਾ ਦੇ ਪਿਤਾ ਦੇ ਬਿਆਨ ਦਰਜ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਮਿ੍ਰਤਕਾ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।