ਸ੍ਰੀ ਫ਼ਤਹਿਗੜ੍ਹ ਸਾਹਿਬ/22 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ, ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 54 ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ ਕਰ ਕੇ ਇਹ ਪਿੰਡ ਮਾਡਲ ਪਿੰਡ ਦੀ ਕੈਟਾਗਰੀ ਵਿਚ ਆ ਚੁੱਕੇ ਹਨ। ਇਸ ਤੋਂ ਇਲਾਵਾ ਠੋਸ ਕੂੜਾ ਪ੍ਰਬੰਧਨ ਸਬੰਧੀ 252 ਪਿੰਡਾਂ ਵਿੱਚ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਪਿੰਡਾਂ ਵਿੱਚ ਕੰਮ ਪ੍ਰਗਤੀ ਅਧੀਨ ਹੈ। ਤਰਲ ਕੂੜਾ ਪ੍ਰਬੰਧਨ ਲਈ ਵੀ ਪਿੰਡਾਂ ਵਿਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜਦਕਿ 29 ਪਿੰਡਾਂ ਵਿੱਚ ਸਾਂਝਾ "ਪਖਾਨਾ ਘਰਾਂ" ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ 62 ਪਿੰਡਾਂ ਵਿੱਚ ਇਹ ਜਲਦ ਪੂਰੇ ਕਰ ਲਏ ਜਾਣਗੇ। ਮੀਟਿੰਗ ਵੱਖ-ਵੱਖ ਵਿਭਾਗਾਂ ਦੇ ਮੈਂਬਰ ਵੀ ਸ਼ਾਮਲ ਹੋਏ ਤੇ ਇਸ ਦੌਰਾਨ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਅਧੀਨ ਹੋਣ ਵਾਲੇ ਕੰਮਾਂ ਦੀ ਪ੍ਰਵਾਨਗੀ ਮੌਜੂਦ ਮੈਂਬਰਾਂ ਦੀ ਸਹਿਮਤੀ ਨਾਲ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ। ਪਿੰਡਾਂ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਤਾਂ ਜੋ ਇਹਨਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ, ਜੋ ਕਿ ਹਰ ਬਲਾਕ ਵਿੱਚ ਇੱਕ ਬਣਾਇਆ ਜਾਣਾ ਹੈ ਵਿਚੋਂ ਇੱਕ ਦਾ ਕੰਮ ਪ੍ਰਗਤੀ ਅਧੀਨ ਹੈ, ਜਦਕਿ ਬਾਕੀ ਦੇ ਪ੍ਰੋਜੈਕਟ ਜਲਦ ਸ਼ੁਰੂ ਕੀਤੇ ਜਾਣਗੇ। ਜ਼ਿਲ੍ਹੇ ਵਿੱਚ ਲੋੜਵੰਦ ਗਰੀਬ ਪਰਿਵਾਰਾਂ ਲਈ ਵਿਅਕਤੀਗਤ ਪਖਾਨਿਆਂ ਦਾ ਨਿਰਮਾਣ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਮੀਟਿੰਗ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫ਼ਤਹਿਗੜ੍ਹ ਸਾਹਿਬ ਵੱਲੋਂ ਕਾਰਜਕਾਰੀ ਇੰਜੀਨੀਅਰ ਸ਼੍ਰੀ ਇਸ਼ਾਨ ਕੌਸ਼ਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਸਪ੍ਰੀਤ ਕੌਰ, ਗੌਤਮ ਜਿੰਦਲ ਐੱਸ.ਡੀ.ਈ., ਨਿਰਮਲ ਕੁਮਾਰ ਜੇ.ਈ., ਡਾ. ਰਾਜੇਸ਼ ਕੁਮਾਰ ਡੀ.ਐਚ.ਓ., ਡਾ. ਮੀਨਾ ਰਾਣੀ ਏ.ਡੀ.ਓ., ਜਸਵਿੰਦਰ ਸਿੰਘ, ਕਰਨਵੀਰ ਸਿੰਘ ਜੇ.ਈ., ਨਿਰਮਲ ਸਿੰਘ ਰੇਂਜ ਅਫ਼ਸਰ, ਰਾਜਿੰਦਰ ਸਿੰਘ ਲੇਖਾਕਾਰ, ਸ਼ਮਸ਼ੇਰ ਸਿੰਘ ਤੇ ਅਮਨਦੀਪ ਅਰੋੜਾ ਸ਼ਾਮਲ ਸਨ।