ਸ੍ਰੀ ਫ਼ਤਹਿਗੜ੍ਹ ਸਾਹਿਬ/ 2 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਹਾਈ ਸਕੂਲ ਬੇਲੂਮਾਜਰਾ ਪਟਿਆਲਾ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ ਕੀਤਾ। ਇਸ ਬਾਰੇ ਸਕੂਲ ਦੇ ਅਧਿਆਪਕ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਅਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ(ਚਮਕੌਰ ਸਾਹਿਬ) ਦਾ ਧਾਰਮਿਕ ਦੌਰਾ ਵੀ ਕਰਵਾਇਆ ਗਿਆ।ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਲਈ ਉਪਲੱਬਧ ਸਰਕਾਰੀ ਅਤੇ ਗੈਰ ਸਰਕਾਰੀ ਸਕਾਲਰਸ਼ਿਪਾਂ ਬਾਰੇ ਜਾਣਕਾਰੀ ਦਿੰਦਿਆ ਉੱਚ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਡਾ. ਸੰਧੂ ਨੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਫ਼ੌਜ, ਪੰਜਾਬ ਪੁਲੀਸ ਅਤੇ ਸਿਵਲ ਸੇਵਾਵਾਂ ਵਿੱਚ ਭਰਤੀ ਦੀਆਂ ਪ੍ਰੀਖਿਆਵਾਂ, ਜ਼ਰੂਰੀ ਪ੍ਰਕਿਰਿਆਵਾਂ ਅਤੇ ਮਾਪਦੰਡਾਂ ਸਬੰਧੀ ਮੁਢਲੀ ਜਾਣਕਾਰੀ ਦਿੱਤੀ।ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਰਸ਼ਮੀ ਅਰੋੜਾ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਵਿਸ਼ੇ ਸਬੰਧੀ ਵਿਸਥਾਰ ਨਾਲ ਦੱਸਿਆ। ਕਾਲਜ ਲਾਇਬ੍ਰੇਰੀਅਨ ਪ੍ਰੋ. ਬਬੀਤਾ ਰਾਣੀ ਅਤੇ ਮੈਡਮ ਜਸਜੀਤ ਕੌਰ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਯੋਗ ਵਰਤੋਂ ਸਬੰਧੀ ਜਾਣੂ ਕਰਵਾਇਆ। ਸੰਗੀਤ ਵਿਭਾਗ ਦੇ ਪ੍ਰੋ. ਹਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ ਸਬੰਧੀ ਅਹਿਮ ਜਾਣਕਾਰੀ ਪ੍ਰਦਾਨ ਕੀਤੀ। ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕੋਰਸ ਬੀ.ਏ. ਆਨਰਜ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਬੰਧੀ ਵਿਹਾਰਕ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ।ਇਸ ਮੌਕੇ ਮਨਜਿੰਦਰ ਸਿੰਘ ਅਤੇ ਕੋਚ ਬਹਾਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਕਾਲਜ ਵਿਖੇ ਮੌਜੂਦ ਵੱਖ-ਵੱਖ ਵਿੱਦਿਅਕ ਅਤੇ ਖੇਡ ਸੁਵਿਧਾਵਾਂ ਬਾਰੇ ਦੱਸਿਆ। ਇਸ ਵਿੱਦਿਅਕ ਦੌਰੇ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਕਾਲਜ ਦੇ ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਲਾਹੇਵੰਦ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।