ਸ੍ਰੀ ਫ਼ਤਹਿਗੜ੍ਹ ਸਾਹਿਬ/5 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਵੱਲੋ "ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ" ਦੇ ਮੌਕੇ ਤੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕਰਨ ਅਤੇ ਆਮ ਲੋਕਾਂ ਨੂੰ ਪ੍ਰਦੂਸ਼ਣ ਦੇ ਕਾਰਨਾਂ ਅਤੇ ਇਸ ਦੀ ਰੋਕਥਾਮ ਸਬੰਧੀ ਕੀਤੇ ਜਾ ਸਕਣ ਵਾਲੇ ਉਪਾਵਾਂ ਬਾਰੇ ਜਾਗਰੂਕ ਕਰਨ ਲਈ ਸਹੁੰ ਚੁਕਾਈ ਗਈ।ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਮਨਾਏ ਜਾਣ ਵਾਲੇ ਦਿਨ ਦਾ ਮੁੱਖ ਮਕਸਦ ਹਵਾ ਪ੍ਰਦੂਸ਼ਣ ਦੇ ਬੋਝ ਨੂੰ ਘੱਟ ਕਰਨ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਸਾਂਝੀ ਵਚਨਬੱਧਤਾ ਨੂੰ ਹੋਰ ਮਜਬੂਤ ਕਰਨ ਲਈ ਬਹੁਤ ਮਹੱਤਵ ਰੱਖਦਾ ਹੈ। ਉਹਨਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਵੱਡਾ ਖਤਰਾ ਮੰਨਿਆ ਗਿਆ ਹੈ। ਜਿਸ ਨੂੰ ਸਿਹਤ ਨਾਲ ਸੰਬੰਧਿਤ ਪ੍ਰਭਾਵ ਨਾਲ ਜੋੜਿਆ ਜਾਂਦਾ ਹੈ ਇਹ ਜਲਵਾਯੂ ਪਰਿਵਰਤਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਹਵਾ ਪ੍ਰਦੂਸ਼ਣ ਦੇ ਬਹੁਤ ਸਾਰੇ ਸਰੋਤ ਜਿਵੇਂ ਫੈਕਟਰੀਆਂ,ਵਾਹਨਾਂ ਆਦਿ ਵਿੱਚ ਇਸਤੇਮਾਲ ਹੋਣ ਵਾਲੇ ਜੈਵਿਕ ਇੰਧਨ, ਗਰੀਨ ਹਾਊਸ ਗੈਸਾਂ ਦੇ ਨਿਕਾਸ ਇਸ ਵਿੱਚ ਪ੍ਰਮੁੱਖ ਯੋਗਦਾਨ ਪਾਉਂਦੇ ਹਨ, ਜਿਸ ਨਾਲ ਸਾਹ , ਬਲੱਡ ਪ੍ਰੈਸ਼ਰ, ਤਨਾਅ, ਫੇਫੜਿਆਂ,ਦਿਲ ਦੀਆ ਬਿਮਾਰੀਆਂ ਆਦਿ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਬੱਚੇ ਬਜ਼ੁਰਗ ਅਤੇ ਔਰਤਾਂ ਖਾਸ ਤੌਰ ਤੇ ਪ੍ਰਭਾਵਿਤ ਹੁੰਦੇ ਹਨ। ਉਹਨਾਂ ਕਿਹਾ ਕਿ ਹਵਾ ਪ੍ਰਦੂਸ਼ਣ ਬਾਰੇ ਵਿਚਾਰ ਕਰਨਾ ਨਾ ਸਿਰਫ ਸਿਹਤ ਨੂੰ ਬਿਹਤਰ ਬਣਾਉਣ ਲਈ ਜਰੂਰੀ ਹੈ ਸਗੋਂ ਜਲਵਾਯੂ ਅਤੇ ਵਾਤਾਵਰਨ ਦੀ ਰੱਖਿਆ ਲਈ ਵੀ ਜਰੂਰੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਆਮ ਲੋਕਾਂ ਨੂੰ ਪ੍ਰਦੂਸ਼ਣ ਰੋਕਣ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਜਿਆਦਾਤਰ ਪੈਦਲ, ਸਾਈਕਲ, ਜਾਂ ਜਨਤਕ ਆਵਾਜਾਈ ਸਾਧਨਾ ਦੀ ਵਰਤੋਂ ਕਰਨੀ ਚਾਹੀਦੀ ਹੈ, ਪਾਣੀ ਬਰਬਾਦ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕੂੜੇਦਾਨ ਦੇ ਡੱਬੇ ਤੋਂ ਇਲਾਵਾ ਕਿਤੇ ਹੋਰ ਕੂੜਾ ਨਹੀਂ ਸੁੱਟਣਾ ਚਾਹੀਦਾ, ਖਰੀਦਦਾਰੀ ਕਰਦੇ ਸਮੇਂ ਹਮੇਸ਼ਾ ਕੱਪੜੇ ਦਾ ਬੈਗ ਲੈ ਕੇ ਜਾਣਾ ਚਾਹੀਦਾ ਅਤੇ ਪਲਾਸਟਿਕ ਦੇ ਥੈਲੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇੱਕ ਵਾਰ ਵਰਤੋਂ ਹੋਣ ਵਾਲੇ ਪਲਾਸਟਿਕ ਪੈਕੇਜ ਭੋਜਨ ਵਸਤੂਆਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਵੱਧ ਤੋਂ ਵੱਧ ਰੁੱਖ ਲਗਾਏ ਜਾਣ ।ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਪਰ ਮਹੱਤਵਪੂਰਨ ਕੋਸ਼ਿਸ਼ਾਂ ਰਾਹੀਂ ਅਸੀਂ ਇੱਕ ਸਾਫ ਸੁਥਰੇ ਸਿਹਤਮੰਦ ਤੇ ਬਿਹਤਰ ਸਥਾਈ ਭਵਿੱਖ ਵੱਲ ਵਧ ਸਕਦੇ। ਇਸ ਮੌਕੇ ਤੇ ਡਾ ਦਮਨਜੀਤ ਕੌਰ, ਮਾਈਕਰੋ ਬਾਇਲੋਜਿਸਟ ਡਾ ਯੋਗਿਤਾ, ਜ਼ਿਲਾ ਪ੍ਰੋਗਰਾਮ ਮੈਨੇਜਰ ਡਾ ਕਸੀਤਿਜ ਸੀਮਾ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਗੁਰਦੀਪ ਸਿੰਘ, ਜਸਵਿੰਦਰ ਕੌਰ, ਗਗਨ ਥੰਮਨ ਅਤੇ ਦਲਜੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਕਰਮਚਾਰੀ ਵੀ ਮੌਜ਼ੂਦ ਸਨ ।