ਸ੍ਰੀ ਫ਼ਤਹਿਗੜ੍ਹ ਸਾਹਿਬ/16 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਮੰਡੀ ਗੋਬਿੰਦਗੜ੍ਹ ਦੇ ਇੱਕ ਕਾਰੋਬਾਰੀ ਦੇ ਗੋਦਾਮ ਚੋਂ ਮਹਿੰਗੇ ਮੁੱਲ ਦਾ ਤਾਂਬਾ ਲੁੱਟ ਕੇ ਭੱਜੇ ਵਿਅਕਤੀਆਂ ਵਿੱਚੋਂ ਚਾਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪ੍ਰਵੀਨ ਅਗਰਵਾਲ ਨਾਮਕ ਕਾਰੋਬਾਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਮੰਡੀ ਗੋਬਿੰਦਗੜ੍ਹ ਵਿਖੇ ਤਾਂਬੇ ਦੇ ਸਕਰੈਪ ਦਾ ਗੋਦਾਮ ਹੈ ਜਿਸ ਵਿੱਚ 11 ਦਸੰਬਰ ਨੂੰ ਤੜਕੇ ਕਰੀਬ ਡੇਢ ਵਜੇ 7/8 ਨਾ ਮਾਲੂਮ ਵਿਅਕਤੀ ਕੰਧ ਟੱਪ ਕੇ ਦਾਖਲ ਹੋ ਗਏ ਜਿਨਾਂ ਨੇ ਗੋਦਾਮ ਵਿੱਚ ਮੌਜੂਦ ਉਸਦੇ ਸਿਕਿਉਰਟੀ ਗਾਰਡ ਅਤੇ ਲੇਬਰ ਦੇ 5 ਵਿਅਕਤੀਆਂ ਨੂੰ ਡਰਾ ਧਮਕਾ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪਣੇ ਨਾਲ ਲਿਆਂਦੀ ਮਹਿੰਦਰਾ ਬਲੈਰੋ ਪਿਕਅਪ ਗੱਡੀ ਵਿੱਚ 35 ਕੁਇੰਟਲ ਦੇ ਕਰੀਬ ਤਾਂਬਾ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁੱਕਦਮਾ ਦਰਜ ਕਰਕੇ ਐਸਪੀ(ਡੀ) ਰਕੇਸ਼ ਯਾਦਵ ਦੀ ਅਗਵਾਈ ਵਿੱਚ ਥਾਣਾ ਮੰਡੀ ਗੋਬਿੰਦਗੜ੍ਹ ਅਤੇ ਸੀਆਈਏ ਸਟਾਫ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ ਕੀਤੀ ਗਈ। ਮਾਮਲੇ ਦੀ ਤਫਤੀਸ਼ ਦੌਰਾਨ ਰਣਧੀਰ ਸਿੰਘ, ਅਨਿਲ ਕੁਮਾਰ, ਕਰਨ ਸਿੰਘ ਅਤੇ ਸੁਨੀਲ ਵਾਸੀਆਨ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ 'ਚ ਵਰਤੀ ਗਈ ਬਲੈਰੋ ਗੱਡੀ , ਖਿਡਾਉਣਾ ਪਿਸਟਲ,ਕਿਰਪਾਨ ਅਤੇ ਹਾਕੀ ਬਰਾਮਦ ਕੀਤੇ ਗਏ ਹਨ। ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅਨਿਲ ਕੁਮਾਰ,ਸੁਨੀਲ ਕੁਮਾਰ ਅਤੇ ਕਰਨ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਤੇ ਮਾਮਲੇ ਦੀ ਡੁੰਘਾਈ ਨਾਲ ਤਫਤੀਸ਼ ਜਾਰੀ ਹੈ। ਇਸ ਮੌਕੇ ਐਸਪੀ(ਡੀ) ਰਕੇਸ਼ ਯਾਦਵ, ਡੀਐਸਪੀ ਅਮਲੋਹ ਗੁਰਦੀਪ ਸਿੰਘ ਅਤੇ ਐਸਐਚਓ ਥਾਣਾ ਮੰਡੀ ਗੋਬਿੰਦਗੜ੍ਹ ਇੰਸਪੈਕਟਰ ਅਰਸ਼ਦੀਪ ਸ਼ਰਮਾ ਵੀ ਮੌਜੂਦ ਸਨ।