ਜੰਮੂ, 16 ਜਨਵਰੀ
ਜੰਮੂ-ਕਸ਼ਮੀਰ ਸਰਕਾਰ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਰਾਜੌਰੀ ਜ਼ਿਲੇ 'ਚ ਪਿਛਲੇ ਮਹੀਨੇ ਦੌਰਾਨ ਹੋਈਆਂ ਮੌਤਾਂ ਜ਼ਹਿਰੀਲੇ ਪਦਾਰਥਾਂ ਕਾਰਨ ਹੋਈਆਂ ਹਨ ਨਾ ਕਿ ਕਿਸੇ ਸੰਚਾਰੀ ਬੀਮਾਰੀ ਕਾਰਨ। ਇਸ ਤੋਂ ਬਾਅਦ ਪੁਲਿਸ ਨੇ ਅਪਰਾਧਿਕ ਕੋਣ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ।
7 ਦਸੰਬਰ 2024 ਤੋਂ ਰਾਜੌਰੀ ਜ਼ਿਲੇ ਦੇ ਕੋਟਰਾਂਕਾ ਉਪ ਮੰਡਲ ਦੇ ਪਿੰਡ ਬਢਾਲ 'ਚ 7 ਬੱਚਿਆਂ ਸਮੇਤ ਇਕ ਦਰਜਨ ਤੋਂ ਵੱਧ ਲੋਕਾਂ ਦੀ ਅਣਪਛਾਤੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਵਿਗਿਆਨਕ ਅਤੇ ਉਦਯੋਗਿਕ ਖੋਜ ਕੌਂਸਲ-ਇੰਡੀਅਨ ਇੰਸਟੀਚਿਊਟ ਆਫ ਟੌਕਸੀਕੋਲੋਜੀਕਲ ਰਿਸਰਚ (CSIR-IITR) ਦੁਆਰਾ ਵਿਸ਼ਲੇਸ਼ਣ ਕੀਤੇ ਗਏ ਨਮੂਨਿਆਂ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਪਛਾਣ ਕੀਤੀ ਗਈ ਹੈ। CSIR-IITR ਖੋਜਾਂ ਨੇ ਪੁਸ਼ਟੀ ਕੀਤੀ ਹੈ ਕਿ ਸੰਸਥਾ ਦੁਆਰਾ ਵਿਸ਼ਲੇਸ਼ਣ ਕੀਤੇ ਗਏ ਨਮੂਨਿਆਂ ਵਿੱਚ ਕੋਈ ਵਾਇਰਸ ਜਾਂ ਬੈਕਟੀਰੀਆ ਨਹੀਂ ਮਿਲਿਆ।
ਇਨ੍ਹਾਂ ਖੋਜਾਂ ਨੂੰ ਜੰਮੂ-ਕਸ਼ਮੀਰ ਸਰਕਾਰ ਨੂੰ ਭੇਜੇ ਜਾਣ ਤੋਂ ਬਾਅਦ, ਰਾਜੌਰੀ ਜ਼ਿਲ੍ਹੇ ਦੀ ਪੁਲਿਸ ਨੇ ਮੌਤਾਂ ਦੇ ਅਪਰਾਧਿਕ ਪਹਿਲੂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ।
14 ਮੌਤਾਂ ਦੀ ਇਸ ਲੜੀ ਵਿੱਚ ਪਹਿਲੀ ਮੌਤ 7 ਦਸੰਬਰ 2024 ਨੂੰ ਹੋਈ ਸੀ, ਜਿਸ ਵਿੱਚ ਸੱਤ ਮੈਂਬਰਾਂ ਦੇ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਸੀ।
ਪਿਛਲੇ ਸਾਲ 12 ਦਸੰਬਰ ਨੂੰ ਇਸੇ ਪਿੰਡ ਦੇ ਨੌਂ ਜੀਆਂ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ।
12 ਜਨਵਰੀ ਨੂੰ ਜੰਮੂ ਦੇ ਐਸਐਮਜੀਐਸ ਹਸਪਤਾਲ ਵਿੱਚ ਦਾਖ਼ਲ ਇੱਕ ਬੱਚੇ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।