ਚੰਡੀਗੜ੍ਹ 28 ਜਨਵਰੀ :
ਬਿਜਲੀ ਵਿਭਾਗ ਚੰਡੀਗੜ੍ਹ ਨੂੰ ਨਿੱਜੀ ਕੰਪਨੀ ਦੇ ਹਵਾਲੇ ਕਰਨ ਲਈ ਪੱਬਾਂ ਭਾਰ ਹੋਏ ਚੰਡੀਗੜ੍ਹ ਪ੍ਰਸ਼ਾਸਨ ਦੇ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਅੱਜ 51ਵੇਂ ਦਿਨ ਸੈਕਟਰ 56 ਕਲੋਨੀ ਵਿੱਚ ਪੈਦਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ, ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ , ਸੀ.ਆਈ. ਟੀ .ਯੂ ਦੇ ਸਕੱਤਰ ਦਿਨੇਸ਼ ਕੁਮਾਰ, ਜਨਵਾਦੀ ਮਹਿਲਾ ਸਮਿਤੀ ਦੀ ਪ੍ਰਧਾਨ ਆਸ਼ਾ ਰਾਣਾ ਨੇ ਕੀਤੀ । ਇਹ ਰੋਸ ਪ੍ਰਦਰਸ਼ਨ ਸੈਕਟਰ 56 ਕਲੋਨੀ ਵਿਚਲੀ ਡਿਸਪੈਂਸਰੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਲਾਕਾਂ ਵਿੱਚ ਦੀ ਹੁੰਦਾ ਹੋਇਆ ਮੁੜ ਇਸੇ ਸਥਾਨ ਤੇ ਆ ਕੇ ਸਮਾਪਤ ਹੋਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਕਿਹਾ ਕਿ ਬਿਜਲੀ ਵਿਭਾਗ ਨਿੱਜੀ ਹੱਥਾਂ ਚ ਜਾਣ ਨਾਲ ਲੋਕਾਂ ਤੇ ਵਾਧੂ ਬੋਝ ਪਵੇਗਾ।
ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਦਿੱਤੇ 24 ਘੰਟੇ ਪਾਣੀ ਦੇ ਲਾਲਚ ਵਿੱਚ ਫਸ ਕੇ ਦੇਖ ਚੁੱਕੇ ਹਨ। ਉਹਨਾਂ ਕਿਹਾ ਕਿ ਮਨੀ ਮਾਜਰਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਵੱਲੋਂ 24 ਘੰਟੇ ਪਾਣੀ ਦਾ ਉਦਘਾਟਨ ਕੀਤਾ ਗਿਆ ਸੀ। ਜਿਸ ਦੌਰਾਨ ਮਨੀ ਮਾਜਰਾ ਵਿੱਚ ਸਾਰੇ ਖਪਤਕਾਰਾਂ ਦੇ ਸਮਾਰਟ ਮੀਟਰ ਲਗਾ ਦਿੱਤੇ ਗਏ ਸਨ। ਅਤੇ ਹੁਣ ਉੱਥੇ ਜਿਨਾਂ ਘਰਾਂ ਦਾ ਪਾਣੀ ਦਾ ਬਿਲ ਪਹਿਲਾਂ 500 ਰੁਪਏ ਆਉਂਦਾ ਸੀ ਹੁਣ 1500 ਤੋਂ ਲੈ ਕੇ 2000 ਤੱਕ ਆ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਨੀਮਾਜਰੇ ਦੀ ਉਦਾਹਰਣ ਸਭ ਦੇ ਸਾਹਮਣੇ ਹੈ ਕਿ ਪਾਣੀ ਦੇ ਬਿੱਲ ਤਿੰਨ ਤੋਂ ਲੈ ਕੇ ਚਾਰ ਗੁਣਾ ਵੱਧ ਗਏ ਹਨ। ਇਸੇ ਤਰ੍ਹਾਂ ਅਗਰ ਬਿਜਲੀ ਨਿੱਜੀ ਹੱਥਾਂ ਵਿੱਚ ਚਲੀ ਗਈ ਤਾਂ ਲੋਕਾਂ ਦੇ ਬਿੱਲ ਚਾਰ ਗੁਣਾ ਹੋ ਜਾਣਗੇ ਅਤੇ ਲੋਕਾਂ ਨੂੰ ਆਪਣਾ ਘਰ ਚਲਾਉਣਾ ਮੁਸ਼ਕਿਲ ਹੋ ਜਾਵੇਗਾ।
ਉਹਨਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਮੰਗ ਨੂੰ ਅਤੇ ਲੋਕਾਂ ਦੇ ਰੋਸ ਨੂੰ ਦੇਖਦਿਆਂ ਨਿੱਜੀਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 31 ਜਨਵਰੀ ਨੂੰ ਹੋ ਰਹੇ ਰੋਸ ਵਿੱਚ ਵੱਧ ਚੜ ਕੇ ਹਿੱਸਾ ਲੈਣ ।
। ਇਸ ਮੌਕੇ ਬੋਲਦਿਆਂ ਜਨਵਾਦੀ ਮਹਿਲਾ ਸਮਿਤੀ ਵੀ ਪ੍ਰਧਾਨ ਆਸ਼ਾ ਰਾਣਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਦੇ ਬਸਿੰਦਿਆਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਿਹਾ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਬਿਜਲੀ ਮਹਿਕਮੇ ਤੋਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਬਿਨਾਂ ਪੁੱਛੇ ਇਸ ਨੂੰ ਨਿੱਜੀ ਘਰਾਣਿਆਂ ਹਵਾਲੇ ਕਰਨ ਜਾ ਰਿਹਾ ਹੈ । ਉਹਨਾਂ ਕਿਹਾ ਕਿ ਬਿਜਲੀ ਮਹਿਕਮੇ ਦਾ ਨਿੱਜੀਕਰਨ ਹੋਣ ਉਪਰੰਤ ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲੇਗੀ ਇਸ ਨਾਲ ਆਮ ਲੋਕਾਂ ਦੇ ਵਾਧੂ ਬੋਝ ਪਏਗਾ। ਉਹ ਚੰਡੀਗੜ੍ਹ ਦੇ ਲੋਕਾਂ ਤੇ ਵਾਧੂ ਬੋਝ ਨਹੀਂ ਪੈਣ ਦੇਣਗੇ ਇਸ ਦਾ ਹਰ ਥਾਂ ਵਿਰੋਧ ਕਰਨਗੇ। ਇਸ ਮੌਕੇ ਬੋਲਦਿਆਂ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪੁਲਸੌਰਾ ਨੇ ਕਿਹਾ ਕਿ ਪ੍ਰਸ਼ਾਸਨ ਚੰਡੀਗੜ੍ਹ ਦੇ ਲੋਕਾਂ ਨਾਲ ਸ਼ੁਰੂ ਤੋਂ ਹੀ ਧ੍ਰੋਹ ਕਰਦਾ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਤੋਂ ਚੰਡੀਗੜ੍ਹ ਦੇ ਲੋਕਾਂ ਨੂੰ ਕੋਈ ਸ਼ਿਕਾਇਤ ਨਹੀਂ ਕਰੋੜਾਂ ਰੁਪਏ ਦੇ ਮੁਨਾਫੇ ਵਾਲੇ ਵਿਭਾਗ ਨੂੰ ਜਾਣ ਬੁਝ ਕੇ ਪ੍ਰਸ਼ਾਸਨ ਕਾਰਪੋਰੇਟ ਘਰਾਣੇ ਨੂੰ ਸੌਂਪਣ ਜਾ ਰਿਹਾ ਹੈ। ਜਿਹੜਾ ਕਿ ਚੰਡੀਗੜ੍ਹ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕਰਨਗੇ ਅਤੇ ਪ੍ਰਸ਼ਾਸਨ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨਗੇ । ਇਸ ਮੌਕੇ ਬੋਲਦਿਆਂ ਕਾਂਗਰਸੀ ਆਗੂ ਦਰਸ਼ਨ ਗਰਗ ਨੇ ਕਿਹਾ ਕਿਹਾ ਕਿ ਬਿਜਲੀ ਨਿੱਜੀ ਹੱਥਾਂ ਵਿੱਚ ਜਾਣ ਤੋਂ ਬਾਅਦ ਹਰ ਇੱਕ ਸ਼ਹਿਰੀ ਤੇ ਉਸ ਦਾ ਸਿੱਧਾ ਅਸਰ ਹੋਵੇਗਾ । ਇਸ ਨਾਲ ਗਰੀਬ ਲੋਕਾਂ ਨੂੰ ਬਿਜਲੀ ਦੇ ਮੋਟੇ ਬਿੱਲ ਉਤਾਰਨੇ ਔਖੇ ਹੋ ਜਾਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੇਂਡੂ ਸੰਘਰਸ਼ ਕਮੇਟੀ ਦੇ ਆਗੂ ਜੋਗਾ ਸਿੰਘ ਨੌਜਵਾਨ ਕਿਸਾਨ ਏਕਤਾ ਦੇ ਆਗੂ ਰਜਿੰਦਰ ਸਿੰਘ , ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵਿਜੇ ਸਿੰਘ , ਅਰਦਾਸ ਫਾਊਂਡੇਸ਼ਨ ਵੱਲੋਂ ਗੁਰਦੀਪ ਸਿੰਘ , ਰਾਮ ਆਧਾਰ ਸਮੇਤ ਵੱਖ-ਵੱਖ ਪਿੰਡਾਂ ਅਤੇ ਸੈਕਟਰਾਂ ਵਿੱਚੋਂ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ । ਜਿਨ੍ਹਾਂ ਨੇ ਹੱਥਾਂ ਵਿੱਚ ਨਿੱਜੀਕਰਨ ਦੇ ਵਿਰੋਧ 'ਚ ਲਿਖੀਆਂ ਤਖਤੀਆਂ ਫੜ ਕੇ ਪੈਦਲ ਰੋਸ ਮਾਰਚ ਕੀਤਾ ਅਤੇ ਉਹ ਨਿੱਜੀਕਰਨ ਬੰਦ ਕਰੋ ਦੇ ਨਾਅਰੇ ਲਾਉਂਦੇ ਹੋਏ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ। ਇਸ ਮੌਕੇ ਤੇ ਦੁਕਾਨਦਾਰਾਂ ਅਤੇ ਸ਼ਹਿਰੀਆਂ ਨੂੰ ਜਾਗਰੂਕ ਕਰਨ ਲਈ ਪੈਂਫਲਿਟ ਵੀ ਵੰਡੇ ਗਏ ।