ਸ੍ਰੀ ਫ਼ਤਹਿਗੜ੍ਹ ਸਾਹਿਬ/1 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੁੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਚ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਇਕ ਰੋਜਾ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦਾ ਵਿਸ਼ਾ 19ਵੀਂ ਸਦੀ ਦਾ ਪੰਜਾਬੀ ਅਤੇ ਸਿੱਖ ਸਾਹਿਤ ਉਲੀਕਿਆ ਗਿਆ। ਕਾਨਫਰੰਸ ਵਿਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਕਾਨਫਰੰਸ ਵਿਚ ਪ੍ਰਧਾਨਗੀ ਕਰ ਰਹੇ ਡਾ. ਧਰਮ ਸਿੰਘ, ਸਾਬਕਾ ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ, ਗੁਰੁੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਗੁਰਪਾਲ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕਾਨਫਰੰਸ ਦੀ ਰੂਪ-ਰੇਖਾ ਵਿਚ ਤਿੰਨ ਸੈਸ਼ਨ ਉਲੀਕੇ ਗਏ।ਪਹਿਲੇ ਉਦਘਾਟਨੀ ਸੈਸ਼ਨ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪਰਿਤਪਾਲ ਸਿੰਘ; ਡੀਨ ਅਕਾਦਮਿਕ ਮਾਮਲੇ, ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ; ਡਾ. ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ ਅਤੇ ਡਾ. ਸੁਮਿਤ ਕੁਮਾਰ, ਡੀਨ ਅਲੂਮਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਦੂਜੇ ਅਤੇ ਤੀਜੇ ਸੈਸ਼ਨ ਵਿਚ ਵੱਖ-ਵੱਖ ਵਿਦਵਾਨਾਂ ਦੁਆਰਾ 19ਵੀਂ ਸਦੀ ਦੇ ਪੰਜਾਬੀ ਅਤੇ ਸਿੱਖ ਸਾਹਿਤ ਦੇ ਵਿਭਿੰਨ ਪਹਿਲੂਆਂ ‘ਤੇ ਖੋਜ ਪੱਤਰ ਪੇਸ਼ ਕੀਤੇ ਗਏ। ਇਸ ਦੌਰਾਨ ਪੰਜਾਬੀ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਕਾਨਫਰੰਸ ਦਾ ਹਾਸਲ ਇਹ ਰਿਹਾ ਕਿ 19ਵੀਂ ਸਦੀ ਦੇ ਦੂਜੇ ਅੱਧ ਦੇ ਸਾਹਿਤ ਉੱਪਰ ਚਰਚਾ ਦਾ ਮੁੱਢ ਬੱਝਿਆ। ਵਿਦਵਾਨਾਂ ਨੇ ਮੰਨਿਆ ਕਿ ਪੰਜਾਬੀ ਸਾਹਿਤ ਦਾ ਇਹ ਕਾਲ ਖੰਡ ਅਧਿਐਨ ਵੱਲੋਂ ਅਣਗੌਲਿਆ ਹੋਇਆ ਹੈ। ਇਸ ਕਾਲ ਦੇ ਪੰਜਾਬੀ ਸਾਹਿਤ ਅਤੇ ਪੰਜਾਬ ਉੱਪਰ ਪਏ ਪ੍ਰਭਾਵਾਂ ਬਾਰੇ ਨਿੱਠ ਕੇ ਕੰਮ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ਵਾਧਾ ਕਰਦੇ ਹੋਏ ਵਾਈਸ ਚਾਂਸਲਰ ਸਾਹਿਬ ਨੇ ਕਿਹਾ ਕਿ ਇਸ ਸਬੰਧੀ ਖੋਜ ਕਾਰਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।ਇਸ ਦੇ ਨਾਲ ਹੀ ਸਿਖਿਆ ਵਿਭਾਗ ਵੱਲੋਂ ਮਾਤ ਭਾਸ਼ਾ ਦਿਹਾੜਾ ਬੜੀ ਧੂੁਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਵਿ ਉਚਾਰਣ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਵਿਚ ਬੀ.ਏ ਬੀ.ਐਡ ਦੇ ਵਿਦਿਆਰਥੀ ਸ਼ਾਮਿਲ ਹੋਏ।ਇਸ ਮੌਕੇ ਵਿਭਾਗ ਮੁਖੀ, ਡਾ. ਹਰਨੀਤ ਕੌਰ ਬਿਲਿੰਗ ਨੇ ਮਾਤ ਭਾਸ਼ਾ ਦੀ ਲੋੜ ਅਤੇ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।