ਚੰਡੀਗੜ, 22 ਮਾਰਚ:
ਬਿਹਾਰ ਸਥਾਪਨਾ ਦਿਵਸ ਪੰਜਾਬ ਰਾਜ ਭਵਨ ਵਿਖੇ ਬਹੁਤ ਉਤਸਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਜਿੱਥੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕੀਤੀ।
‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਅਧੀਨ ਆਯੋਜਿਤ ਇਸ ਸਮਾਗਮ ਵਿੱਚ ਬਿਹਾਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਮਨਮੋਹਕ ਪ੍ਰਦਰਸ਼ਨਾਂ ਦੀ ਇੱਕ ਲੜੀ ਰਾਹੀਂ ਪੇਸ਼ ਕੀਤਾ ਗਿਆ। ਚੰਡੀਗੜ ਸੰਗੀਤ ਨਾਟਕ ਅਕਾਦਮੀ ਦੁਆਰਾ ਪੇਸ਼ ਕੀਤੇ ਗਏ ਰਵਾਇਤੀ ਲੋਕ ਨਾਚ, ਰੂਹਾਨੀ ਸੰਗੀਤਕ ਪੇਸਕਾਰੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਰਾਜ ਦੀਆਂ ਜੀਵੰਤ ਅਤੇ ਵਿਭਿੰਨ ਰਹੁ-ਰੀਤਾਂ ਨੂੰ ਉਜਾਗਰ ਕੀਤਾ, ਜਿਸ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ।
ਆਪਣੇ ਸੰਬੋਧਨ ਵਿੱਚ, ਮਾਣਯੋਗ ਰਾਜਪਾਲ ਨੇ ਨਿੱਘੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਜੋਰ ਦਿੱਤਾ ਕਿ ਰਾਜ ਸਥਾਪਨਾ ਦਿਵਸ ਸਮਾਰੋਹ ਵੱਖ-ਵੱਖ ਰਾਜਾਂ ਦੀਆਂ ਪਰੰਪਰਾਵਾਂ ਅਤੇ ਸੱਭਿਆਚਾਰਾਂ ਨੂੰ ਸਮਝਣ ਅਤੇ ਉਨਾਂ ਦੀ ਕਦਰ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਦੇਸ਼ ਭਰ ਦੇ ਰਾਜ ਭਵਨਾਂ ਵਿੱਚ ਆਯੋਜਿਤ ਅਜਿਹੇ ਸਮਾਗਮ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹੋਏ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜਬੂਤ ਕਰਦੇ ਹਨ।
ਦੇਸ਼ ਦੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਵਿੱਚ ਬਿਹਾਰ ਦੇ ਅਥਾਹ ਯੋਗਦਾਨ ਦੀ ਪ੍ਰਸੰਸਾ ਕਰਦੇ ਹੋਏ, ਰਾਜਪਾਲ ਨੇ ਕਿਹਾ ਕਿ ਬਿਹਾਰ ਦਾ ਸੱਭਿਆਚਾਰ ਦੇਸ਼ ਦੇ ਸਭ ਤੋਂ ਅਮੀਰ ਦੇਸਾਂ ਵਿੱਚੋਂ ਇੱਕ ਹੈ, ਇਸਦੀ ਸੱਭਿਅਤਾ ਪ੍ਰਾਚੀਨ ਸੱਭਿਆਤਾਵਾਂ ਚੋਂ ਇੱਕ ਹੈ। ਉਨਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਬਿਹਾਰ ਉਹ ਪਵਿੱਤਰ ਧਰਤੀ ਹੈ ਜਿੱਥੇ ਮਾਤਾ ਸੀਤਾ ਦਾ ਜਨਮ ਹੋਇਆ ਸੀ, ਜਿੱਥੇ ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕੀਤਾ ਸੀ, ਅਤੇ ਜੋ ਜੈਨ ਧਰਮ ਦੇ ਜਨਮ ਸਥਾਨ ਵਜੋਂ ਜਾਣੀ ਜਾਂਦੀ ਹੈ। ਉਨਾਂ ਇਹ ਵੀ ਕਿਹਾ ਕਿ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਇਸੇ ਪਵਿੱਤਰ ਧਰਤੀ ‘ਤੇ ਹੋਇਆ ਸੀ।
ਇਸ ਸਮਾਗਮ ਦੌਰਾਨ ਬਿਹਾਰ ਦੇ ਰਾਜਪਾਲ ਵੱਲੋਂ ਇੱਕ ਵੀਡੀਓ ਸੰਦੇਸ ਅਤੇ ਰਾਜ ਦੇ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਨੂੰ ਦਰਸਾਉਂਦੀ ਇੱਕ ਦਸਤਾਵੇਜੀ ਫਿਲਮ ਵੀ ਪੇਸ਼ ਕੀਤੀ ਗਈ। ਬਿਹਾਰ ਦੇ ਲੋਕ ਸੰਗੀਤ, ਨਾਚ ਅਤੇ ਕਵਿਤਾ ਦੇ ਮਨਮੋਹਕ ਪ੍ਰਦਰਸ਼ਨਾਂ ਨੇ ਸਰੋਤੇ ਨੂੰ ਕੀਲ ਲਏ।
ਇਸ ਜਸ਼ਨ ਵਿੱਚ ਪਤਵੰਤਿਆਂ, ਅਧਿਕਾਰੀਆਂ ਅਤੇ ਜਨਤਾ ਦੇ ਮੈਂਬਰਾਂ ਦੀ ਮੌਜੂਦਗੀ ਦੇਖਣ ਨੂੰ ਮਿਲੀ, ਜਿਸ ਨਾਲ ਇਹ ਇੱਕ ਯਾਦਗਾਰੀ ਮੌਕਾ ਬਣ ਗਿਆ, ਜਿਸ ਨਾਲ ਸਰੋਤੇ ਬਿਹਾਰ ਦੀ ਸੱਭਿਆਚਾਰਕ ਅਮੀਰੀ ਦੇ ਰੂਬਰੂ ਹੋ ਸਕੇ ।
ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸ੍ਰੀ ਸੱਤਿਆ ਪਾਲ ਜੈਨ, ਯੂਟੀ ਚੰਡੀਗੜ ਦੇ ਮੁੱਖ ਸਕੱਤਰ ਸ੍ਰੀ ਰਾਜੀਵ ਵਰਮਾ ਅਤੇ ਉਨਾਂ ਦੀ ਪਤਨੀ, ਰਾਜਪਾਲ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਗ੍ਰਹਿ ਸਕੱਤਰ ਸ੍ਰੀ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਸ੍ਰੀ ਦੀਪਰਵਾ ਲਾਕਰਾ, ਕਮਿਸ਼ਨਰ ਐਮ.ਸੀ. ਚੰਡੀਗੜ ਸ੍ਰੀ ਅਮਿਤ ਕੁਮਾਰ, ਯੂ.ਟੀ. ਪ੍ਰਸ਼ਾਸਨ ਦੇ ਵਿਸ਼ੇਸ਼ ਸਕੱਤਰ ਸ੍ਰੀ ਅਭਿਜੀਤ ਚੌਧਰੀ, ਯੂਟੀ ਚੰਡੀਗੜ ਦੇ ਮੁੱਖ ਇੰਜੀਨੀਅਰ ਸ੍ਰੀ ਸੀ.ਬੀ. ਓਝਾ, ਬਿਹਾਰ ਫਾਊਂਡੇਸਨ, ਪੰਜਾਬ ਅਤੇ ਚੰਡੀਗੜ ਦੇ ਚੇਅਰਮੈਨ ਡਾ. ਰੁਪੇਸ਼ ਕੁਮਾਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ।