ਚੰਡੀਗੜ੍ਹ, 25 ਮਾਰਚ:
ਰਣਦੀਪ ਸਿੰਘ ਆਹਲੂਵਾਲੀਆ ਨੇ ਤਰੱਕੀ ਮਿਲਣ ਉਪਰੰਤ ਅੱਜ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।
ਸ. ਆਹਲੂਵਾਲੀਆ, ਜੋ ਪੀ.ਪੀ.ਐਸ.ਸੀ. ਰਾਹੀਂ ਚੁਣ ਕੇ ਆਏ 1999 ਬੈਚ ਦੇ ਸੂਚਨਾ ਅਤੇ ਲੋਕ ਸੰਪਰਕ ਅਫਸਰ ਹਨ, ਮੌਜੂਦਾ ਸਮੇਂ ਵਿੱਚ ਵਿਭਾਗ ਦੇ ਸੀਨੀਅਰ ਮੋਸਟ ਜੁਅਇੰਟ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਬੀਤੇ ਦਿਨੀਂ ਹੀ ਵਿਭਾਗੀ ਤਰੱਕੀ ਕਮੇਟੀ ਵੱਲੋਂ ਐਡੀਸ਼ਨਲ ਡਾਇਰੈਕਟਰ ਵਜੋਂ ਪਦਉਨਤ ਕੀਤਾ ਗਿਆ ਸੀ।
ਮਾਨਸਾ ਸ਼ਹਿਰ ਦੇ ਜੰਮਪਲ ਸ. ਆਹਲੂਵਾਲੀਆ ਪਿਛਲੇ 26 ਸਾਲਾਂ ਤੋਂ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ ਅਤੇ ਉਸ ਤੋਂ ਪਹਿਲਾਂ ਤਕਰੀਬਨ ਸਾਢੇ ਪੰਜ ਸਾਲ ਮੁੱਖ ਪੰਜਾਬੀ ਅਖ਼ਬਾਰ ਅਜੀਤ ਵਿੱਚ ਉਪ ਸੰਪਾਦਕ ਵਜੋਂ ਕੰਮ ਕਰ ਚੁੱਕੇ ਹਨ। ਕਾਮਰਸ ਵਿੱਚ ਗਰੈਜੂਏਸ਼ਨ ਕਰਨ ਉਪਰੰਤ ਉਨ੍ਹਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਲ.ਐਲ.ਬੀ ਅਤੇ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਚ ਮਾਸਟਰ ਡਿਗਰੀ। ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਸਮੁੱਚੇ ਕਾਰਜਕਾਲ ਦੌਰਾਨ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਦੇ ਹੋਏ ਚੰਗਾ ਨਾਮਣਾ ਖੱਟਿਆ ਹੈ। ਉਹ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਕਵਿਤਾਵਾਂ ਨਾਲ ਵੀ ਵੱਖਰੀ ਪਹਿਚਾਣ ਰੱਖਦੇ ਹਨ।