ਸ੍ਰੀ ਫਤਿਹਗੜ੍ਹ ਸਾਹਿਬ/25 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗ ਇੰਸਪੈਕਟਰ ਸੁਖਬੀਰ ਚੰਦ ਵੱਲੋਂ ਬੁੱਗਾ ਕਲਾਂ ਵਿਖੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੌਰਾਨ ਇੱਕ ਮੈਡੀਕਲ ਸਟੋਰ ਤੋਂ 345 ਨਾਜਾਇਜ਼ ਸਰਿੰਜਾਂ ਜਿਨਾਂ ਦਾ ਮੈਡੀਕਲ ਸਟੋਰ ਦਾ ਮਾਲਕ ਪੂਰਾ ਰਿਕਾਰਡ ਨਹੀਂ ਦਿਖਾ ਸਕਿਆ ਨੂੰ ਤੁਰੰਤ ਕਬਜ਼ੇ ਵਿੱਚ ਲੈਕੇ ਵਿਕਰੇਤਾ ਵਿਰੁੱਧ ਅਗਲੀ ਬਣਦੀ ਕਾਰਵਾਈ ਆਰੰਭੀ ਗਈ। ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਿਲੇ ਦੇ ਸਮੂਹ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੈਡੀਕਲ ਸਟੋਰਾਂ ਉੱਪਰ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਸੂਈ ਸਰਿੰਜ ਨਾ ਦਿੱਤੀ ਜਾਵੇ ਅਤੇ ਵੇਚੀਆਂ ਗਈਆਂ ਸੂਈਆਂ ਸਰਿੰਜਾਂ ਦਾ ਵੀ ਸਟੋਰ ਵਿੱਚ ਪੂਰਾ ਰਿਕਾਰਡ ਰੱਖਿਆ ਜਾਵੇ । ਉਹਨਾਂ ਦੁਹਰਾਉਂਦਿਆਂ ਕਿਹਾ ਕਿ ਸਟੋਰਾਂ ਉੱਪਰ ਨਸ਼ੇ ਦੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਵੱਲੋਂ ਪਾਬੰਦੀਸ਼ੁਧਾ ਦਵਾਈਆਂ ਵੀ ਸਟੋਰਾਂ ਤੇ ਨਾ ਰੱਖੀਆਂ ਜਾਣ ਅਤੇ ਪਰਮਾਣਿਤ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈਆਂ ਨਾ ਵੇਚੀਆਂ ਜਾਣ। ਜ਼ਿਲ੍ਹੇ ਦੇ ਡਰੱਗ ਇੰਸਪੈਕਟਰ ਸੁਖਬੀਰ ਚੰਦ ਨੇ ਕਿਹਾ ਕਿ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਚੈਕਿੰਗਾ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ, ਸਟੋਰਾਂ ਵਿੱਚ ਨਜਾਇਜ਼ ਤੌਰ ਤੇ ਬਿਨਾਂ ਰਿਕਾਰਡ ਤੋਂ ਰੱਖੀਆਂ ਸੂਈਆਂ ਸਰਿੰਜਾਂ ਅਤੇ ਇਹਨਾਂ ਦੀ ਦੁਰਵਰਤੋਂ ਕਰਨ /ਕਰਾਉਣ ਅਤੇ ਇਤਰਾਜਯੋਗ ਦਵਾਈਆਂ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਮੈਡੀਕਲ ਸਟੋਰਾਂ ਤੇ ਫਾਰਮੇਸੀ ਦੀ ਡਿਗਰੀ /ਡਿਪਲੋਮਾ ਹੋਲਡਰ ਵੱਲੋਂ ਹੀ ਬਾਕੀ ਦਵਾਈਆਂ ਵੇਚੀਆਂ ਜਾਣ।