ਸ੍ਰੀ ਫ਼ਤਹਿਗੜ੍ਹ ਸਾਹਿਬ/25 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੂੰ ਦੇਹਰਾਦੂਨ ਵਿਖੇ ਹੋਏ ਇੱਕ ਰਾਸ਼ਟਰੀ ਸਮਾਰੋਹ ਵਿੱਚ ਇਸਰੋ-ਆਈਆਈਆਰਐਸ ਵੱਲੋਂ ਦੇਸ਼ ਦੇ ਸਰਵੋਤਮ ਸਟਾਰਟ ਕੋਆਰਡੀਨੇਟਰ ਵਜੋਂ ਸਨਮਾਨਿਤ ਕੀਤਾ ਗਿਆ ਹੈ। ਦੇਸ਼ ਭਗਤ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਜਾਗਰੂਕਤਾ ਸਿਖਲਾਈ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਸਾਲਾਨਾ ਪੁਰਸਕਾਰ 2025 ਦਿੱਤਾ ਗਿਆ ਹੈ। ਇਹ ਪੁਰਸਕਾਰ ਇਸਰੋ ਦੇ ਸਾਬਕਾ ਚੇਅਰਮੈਨ ਪਦਮਸ਼੍ਰੀ ਡਾ. ਏ. ਐਸ. ਕਿਰਨ ਕੁਮਾਰ ਵੱਲੋਂ ਦਿੱਤਾ ਗਿਆ। ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ (ਪੰਜਾਬ) ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਡਾ. ਸਦਾਵਰਤੀ ਨੂੰ ਪੁਰਸਕਾਰ ਲਈ ਵਧਾਈ ਦਿੰਦੇ ਹੋਏ ਇਸਨੂੰ ਪੂਰੀ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਦੱਸਿਆ।