(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ 'ਸ਼ੇਪਿੰਗ ਦ ਫ਼ਿਊਚਰ ਵਿਦ ਫ਼ਲਿਊਡ ਡਾਇਨਮਿਕਸ' ਵਿਸ਼ੇ 'ਤੇ ਇੰਸਟੀਚਿਊਟ ਫਾਰ ਅਪਲਾਈਡ ਐਂਡ ਕੰਪਿਊਟੇਸ਼ਨਲ ਮੈਥੇਮੈਟਿਕਸ, ਆਰ.ਡਬਲਿਊ.ਟੀ.ਐਚ. ਆਚੇਨ ਯੂਨੀਵਰਸਿਟੀ, ਜਰਮਨੀ ਦੇ ਸਕਾਲਰ ਡਾ. ਸਤਿਆਵੀਰ ਸਿੰਘ ਦਾ ਵਿਸ਼ੇਸ਼ ਆਨਲਾਈਨ ਲੈਕਚਰ ਕਰਵਾਇਆ ਗਿਆ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਗਣਿਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਿੱਖਿਆ ਭਰਪੂਰ ਲੈਕਚਰ ਵਿਦਿਆਰਥੀਆਂ ਵਿੱਚ ਗਣਿਤ ਵਿਸ਼ੇ ਸਬੰਧੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਇਸ ਦੀ ਆਧੁਨਿਕ ਸਮਾਜ ਅਤੇ ਆਮ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਬਾਰੇ ਵਿਹਾਰਕ ਗਿਆਨ ਪੈਦਾ ਕਰਦੇ ਹਨ।
ਮੁੱਖ ਬੁਲਾਰੇ ਡਾ. ਸਤਿਆਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਸਫ਼ਲਤਾ ਲਈ ਲੋੜੀਂਦੇ ਹੁਨਰਾਂ, ਤਰਲ ਗਤੀਸ਼ੀਲਤਾ ਖੋਜ ਵਿੱਚ ਨਵੀਨਤਮ ਰੁਝਾਨਾਂ ਅਤੇ ਉਪਲਬਧ ਵਿਭਿੰਨ ਕਰੀਅਰ ਮਾਰਗਾਂ ਸਬੰਧੀ ਵਿਸ਼ੇਸ਼ ਤੌਰ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਤਰਲ ਗਤੀਸ਼ੀਲਤਾ ਏਰੋਸਪੇਸ ਇੰਜੀਨੀਅਰਿੰਗ ਤੋਂ ਲੈ ਕੇ ਵਾਤਾਵਰਣ ਵਿਗਿਆਨ ਤੱਕ ਅਤੇ ਉਦਯੋਗਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਦੇ ਨਾਲ ਹੀ ਇਹ ਖੋਜ ਅਤੇ ਵਿਹਾਰਕ ਐਪਲੀਕੇਸ਼ਨਾਂ ਦੋਵਾਂ ਵਿੱਚ ਨਵੀਨਤਾ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ। ਗਣਿਤ ਵਿਭਾਗ ਦੇ ਮੁਖੀ ਪ੍ਰੋ. ਨਮਿਤਾ ਬੇਰੀ ਨੇ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ਤੇ ਅਜਿਹੇ ਉਸਾਰੂ ਲੈਕਚਰਾਂ ਦਾ ਆਯੋਜਨ ਕਰਵਾਇਆ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਗਣਿਤ ਸੰਬੰਧੀ ਨਿਯਮਾਂ ਦੀ ਆਮ ਜ਼ਿੰਦਗੀ ਵਿੱਚ ਹੋ ਰਹੀ ਵਰਤੋਂ ਬਾਰੇ ਸਮਝਿਆ ਜਾ ਸਕੇ। ਇਸ ਮੌਕੇ ਪ੍ਰੋ. ਪੂਨਮ ਚਾਵਲਾ, ਪ੍ਰੋ. ਸ਼ਿਵਦੀਪ ਕੌਰ, ਪ੍ਰੋ. ਰਾਜਿੰਦਰ ਪਾਲ, ਪ੍ਰੋ. ਸ਼ਾਮ ਬਾਂਸਲ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋ. ਸਿਮਰਨਜੋਤ ਕੌਰ, ਪ੍ਰੋ. ਸਲੋਨੀ ਕੌਰ, ਪ੍ਰੋ. ਹਿਮਾਂਸ਼ੀ ਸ਼ਰਮਾ, ਪ੍ਰੋ. ਸੁਮਨ ਕੁਮਾਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।