ਸ੍ਰੀ ਫ਼ਤਹਿਗੜ੍ਹ ਸਾਹਿਬ /31 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਵਿਦਿਆਰਥੀਆਂ ਨੂੰ ਬੀਤੇ ਦਿਨੀਂ ਇੱਕ ਰੋਜਾ ਵਿੱਦਿਅਕ ਟੂਰ 'ਤੇ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵਿਖੇ ਲਿਜਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਗਰਗ ਵੱਲੋਂ ਕਾਲਜ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵਿਖਾਉਣ ਦੇ ਨਿਸ਼ਚੇ ਤਹਿਤ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਇਸ ਵਿੱਦਿਅਕ ਟੂਰ ਦਾ ਪ੍ਰਬੰਧ ਕੀਤਾ ਗਿਆ ਸੀ। ਟੂਰ ਦੌਰਾਨ ਰਾਜਨੀਤੀ ਸ਼ਾਸਤਰ ਵਿਭਾਗ ਦੇ ਡਾ. ਜਤਿੰਦਰ ਸਿੰਘ, ਡਾ. ਜਸਪ੍ਰੀਤ ਕੌਰ ਅਤੇ ਡਾ. ਰਵੀ ਸ਼ੰਕਰ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਇਤਿਹਾਸ, ਇਸਦੀ ਬਣਤਰ ਅਤੇ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ। ਵਿਦਿਆਰਥੀ ਵਿਧਾਨ ਸਭਾ ਦਾ ਸੈਸ਼ਨ ਦੇਖਣ ਲਈ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ। ਵਿਧਾਨ ਸਭਾ ਦੇ ਚਲਦੇ ਸੈਸ਼ਨ ਦੌਰਾਨ ਮਾਹੌਲ ਉਦੋਂ ਬਹੁਤ ਹੀ ਖੁਸ਼ਗਵਾਰ ਹੋ ਗਿਆ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਤੋਂ ਵਿਧਾਨ ਸਭਾ ਦੀ ਕਾਰਵਾਈ ਵੇਖਣ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਗਿਆ। ਇਸ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਵੱਲੋਂ ਪੰਜਾਬ ਵਿਧਾਨ ਸਭਾ ਤੋਂ ਇਲਾਵਾ ਕਈ ਹੋਰ ਥਾਵਾਂ ਦਾ ਦੌਰਾ ਵੀ ਕੀਤਾ ਗਿਆ। ਜਿਹਨਾਂ ਵਿੱਚ ਚੰਡੀਗੜ੍ਹ ਦਾ ਰੌਕ ਗਾਰਡਨ, ਸੁਖਨਾ ਝੀਲ, ਐਲਾਂਤੇ ਮਾਲ ਅਤੇ ਹਰਿਆਣਾ ਦੇ ਪੰਚਕੂਲਾ ਵਿਖੇ ਸਥਿਤ ਗੁਰੂਦਵਾਰਾ ਸ਼੍ਰੀ ਨਾਢਾ ਸਾਹਿਬ ਵੀ ਸ਼ਾਮਿਲ ਹੈ। ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਨੇ ਕਿਹਾ ਕਿ ਇਸ ਤਰਾਂ ਦੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਮਨਾਂ ਵਿੱਚ ਸਿੱਖਣ ਦੀ ਚਾਹ ਨੂੰ ਹੋਰ ਪ੍ਰਬਲ ਕਰਦੇ ਹਨ ਅਤੇ ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਅੱਗੇ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਤਰਾਂ ਦੀਆਂ ਵਿੱਦਿਅਕ ਗਤੀਵਿਧੀਆਂ ਨੂੰ ਪ੍ਰੋਤਾਸ਼ਿਤ ਕਰਦਾ ਰਹੇਗਾ।