ਸ੍ਰੀ ਫਤਿਹਗੜ੍ਹ ਸਾਹਿਬ/2 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਦੀ ਅਗਵਾਈ ਹੇਠ ਜਿਲਾ ਹਸਪਤਾਲ ਵਿਖੇ "ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ" ਦੇ ਮੌਕੇ ਤੇ ਬੱਚਿਆਂ ਦਾ ਵਿਸ਼ੇਸ਼ ਮੈਡੀਕਲ ਚੈੱਕ-ਅਪ ਕਰਕੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਹਰ ਸਾਲ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਔਟਿਜ਼ਮ ਬਾਰੇ ਜਾਗਰੂਕ ਕਰਨਾ ਤੇ ਪੀੜਤ ਲੋਕਾਂ ਦੀ ਸਹਾਇਤਾ ਕਰਨਾ ਹੈ। ਉਹਨਾਂ ਦੱਸਿਆ ਕਿ ਔਟਿਜ਼ਮ ਵਾਲੇ ਲੋਕ ਦੂਜਿਆਂ ਤੇ ਜਿਆਦਾ ਨਿਰਭਰ ਹੁੰਦੇ ਹਨ। ਉਹਨਾਂ ਕਿਹਾ ਕਿ ਔਟਿਜ਼ਮ ਇੱਕ ਤੰਤੂ ਵਿਗਿਆਨ ਸਥਿਤੀ ਹੈ ਜੋ ਜੀਵਨ ਭਰ ਰਹਿੰਦੀ ਹੈ। ਇਹ ਸਥਿਤੀ ਛੋਟੀ ਉਮਰ ਵਿੱਚ ਬੱਚਿਆਂ ਵਿੱਚ ਪ੍ਰਗਟ ਹੁੰਦੀ ਹੈ। ਉਹਨਾਂ ਦੱਸਿਆ ਕਿ ਔਟਿਜ਼ਮ ਵਾਲੇ ਬੱਚਿਆਂ ਵਿੱਚ ਆਮ ਤੌਰ ਤੇ ਸਮਾਜਿਕ ਕਮਜ਼ੋਰੀਆਂ, ਬੋਲਣ ਵਿੱਚ ਮੁਸ਼ਕਿਲ, ਪ੍ਰਬੰਧਤ ਵਿਵਹਾਰ, ਬਾਰ ਬਾਰ ਦੁਹਰਾਉਣਾ ਤੇ ਇੱਕ ਪੈਟਰਨ ਦੀ ਦਿਖ ਹੁੰਦੀ ਹੈ।ਬੱਚਿਆਂ ਦੇ ਮਾਹਰ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਸਧਾਰਨ ਰੂਪ ਵਿੱਚ ਔਟਿਜ਼ਮ ਇੱਕ ਨਰੋਲੋਜੀਕਲ ਵਿਗਾੜ ਹੈ ਜੋ ਇਕ ਵਿਅਕਤੀ ਤੋਂ ਦੂਜਿਆਂ ਨਾਲ ਸੰਚਾਰ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਉਹਨਾਂ ਦੱਸਿਆ ਕਿ ਇਹ ਵਿਗਾੜ ਬਚਪਨ ਵਿੱਚ ਸ਼ੁਰੂ ਹੁੰਦਾ ਹੈ ਅਤੇ ਇਹ ਬਾਲਗ ਹੋਣ ਤੱਕ ਬਰਕਰਾਰ ਰਹਿੰਦਾ ਹੈ ਜੋ ਦਿਮਾਗੀ ਕੰਮਾਂ ਤੇ ਅਸਰ ਪਾਉਂਦਾ ਹੈ ।ਇਸ ਦੀਆਂ ਨਿਸ਼ਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਅਜਿਹੇ ਬੱਚੇ ਕੰਧ ਵਿੱਚ ਸਿਰ ਮਾਰਨਾ, ਸੜਕ ਪਾਰ ਨਾ ਕਰ ਸਕਣਾ, ਗੱਲਾਂ ਤੇ ਵਿਵਹਾਰ ਨੂੰ ਵਾਰ ਵਾਰ ਰੀਪੀਟ ਕਰਨਾ ਆਦਿ ਵੱਖ-ਵੱਖ ਤਰੀਕਿਆਂ ਨਾਲ ਭੇਦਤ ਹੈ। ਉਹਨਾਂ ਦੱਸਿਆ ਕਿ ਅਜਿਹੇ ਬੱਚਿਆਂ ਦਾ ਵਿਕਾਸ ਆਮ ਬੱਚਿਆਂ ਦੇ ਮੁਕਾਬਲੇ ਕਾਫੀ ਵੱਖਰਾ ਹੁੰਦਾ ਹੈ ਤੇ ਇਸ ਨਾਲ ਬੱਚੇ ਦਾ ਸਮਾਜਿਕ ਵਿਵਹਾਰ ਪ੍ਰਭਾਵਿਤ ਹੁੰਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਨਿਸ਼ਾਨੀਆਂ ਵਾਲੇ ਬੱਚਿਆਂ ਨੂੰ ਮਾਨਸਿਕ ਰੋਗਾਂ ਦੇ ਮਾਹਰ ਅਤੇ ਬੱਚਿਆਂ ਦੇ ਮਾਹਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਡੀਪੀਐਮ ਡਾ. ਕਸੀਤਿਜ ਸ਼ੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ , ਗੁਰਦੀਪ ਸਿੰਘ ,ਮਨਵੀਰ ਸਿੰਘ, ਮਾਨਵ ਸ਼ਾਹ, ਧਰਮ ਸਿੰਘ ਆਦਿ ਹਾਜ਼ਰ ਸਨ।