ਸ੍ਰੀ ਫ਼ਤਹਿਗੜ੍ਹ ਸਾਹਿਬ/5 ਅਪ੍ਰੈਲ :
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਕੋਆਰਡੀਨੇਟਰ ਡਾ. ਬਿਕਰਮਜੀਤ ਸਿੰਘ ਸੰਧੂ (ਫ਼ਤਿਹਗੜ੍ਹ ਸਾਹਿਬ) ਦੀ ਪ੍ਰਧਾਨਗੀ ਹੇਠ ਅੱਜ ਆਨਲਾਈਨ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਨਾਲ ਸਬੰਧਿਤ ਯੂਨੀਅਨ ਦੇ ਐਗਜ਼ੈਕਟਿਵ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਗੜ੍ਹਸ਼ੰਕਰ ਤੋਂ ਪ੍ਰੋ. ਜਗਦੀਪ ਕੁਮਾਰ, ਬਟਾਲਾ ਤੋਂ ਡਾ. ਚਰਨਜੀਤ ਸਿੰਘ, ਪਟਿਆਲਾ ਤੋਂ ਡਾ. ਸਰਬਜੀਤ ਸਿੰਘ ਭਾਟੀਆ, ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰੋ. ਸੁਖਵਿੰਦਰ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਪਰਮਪ੍ਰੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਵਿੱਚ ਹਾਜ਼ਰ ਸਭ ਬੁਲਾਰਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੀਤੇ ਜਾ ਰਹੇ ਵਿੱਦਿਅਕ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਸੁਯੋਗ ਅਗਵਾਈ ਅਤੇ ਸਕੱਤਰ ਵਿੱਦਿਆ ਇੰਜੀ. ਸੁਖਮੰਦਰ ਸਿੰਘ ਦੇ ਅਣਥੱਕ ਯਤਨਾਂ ਸਦਕਾ ਵਿੱਦਿਅਕ ਅਦਾਰਿਆਂ ਵਿੱਚ ਉਚੇਰੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੁਆਰਾ ਕੀਤੀਆਂ ਕੋਸ਼ਿਸ਼ਾਂ ਸਦਕਾ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਣ, ਕਾਲਜਾਂ ਵਿੱਚ ਲੈਬਾਂ ਅਤੇ ਖੇਡ ਸਹੂਲਤਾਂ ਲਈ ਜਰੂਰੀ ਉਪਕਰਣ ਉਪਲੱਬਧ ਕਰਵਾਉਣ, ਵਿਦਿਆਰਥੀਆਂ ਦੀ ਪਲੇਸਮੈਂਟ ਲਈ ਰੁਜ਼ਗਾਰ ਮੇਲੇ ਲਗਾਉਣ, ਪਿਛਲੇ ਸਮੇਂ ਦੀਆਂ ਬਕਾਇਆ ਤਨਖਾਹਾਂ ਪੂਰੀਆਂ ਕਰਕੇ ਰੈਗੂਲਰ ਵਿੱਤੀ ਸਹਾਇਤਾ ਦੇਣ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਲਈ ਸਾਲਾਨਾ ਬਜਟ ਵਿੱਚ ਪਿਛਲੇ ਸਾਲ ਨਾਲੋਂ ਤਕਰੀਬਨ 45 ਕਰੋੜ ਰੁਪਏ ਦਾ ਵਾਧਾ ਕਰਨ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਵਰਣਨਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2025-26 ਦੇ ਸਾਲਾਨਾ ਬਜਟ ਵਿੱਚ ਵਿੱਦਿਆ ਲਈ ਪਿਛਲੇ ਸਾਲ ਦੇ 251 ਕਰੋੜ ਦੇ ਬਜਟ ਦੇ ਮੁਕਾਬਲੇ 295.5 ਕਰੋੜ ਦਾ ਬਜਟ ਰੱਖਿਆ ਗਿਆ ਹੈ।ਇਸ ਮੌਕੇ ਡਾ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2006 ਦੇ ਛੇਵੇਂ ਵੇਤਨ ਕਮਿਸ਼ਨ ਨੂੰ ਪੰਜਾਬ ਦੀਆਂ ਸਾਰੀਆਂ ਮੈਨੇਜਮੈਂਟਾਂ ਨਾਲੋਂ ਪਹਿਲਾਂ ਲਾਗੂ ਕਰਕੇ ਨਾਮਣਾ ਖੱਟਿਆ ਸੀ। ਸੰਧੂ ਅਤੇ ਹੋਰ ਬੁਲਾਰਿਆਂ ਨੇ ਉਮੀਦ ਪ੍ਰਗਟਾਈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੱਤਵਾਂ ਤਨਖ਼ਾਹ ਕਮਿਸ਼ਨ ਕਾਲਜਾਂ ਦੇ ਕਵਰਡ ਅਤੇ ਅਨਕਵਰਡ ਸਟਾਫ਼ 'ਤੇ ਇਕੱਠਿਆਂ ਲਾਗੂ ਕੀਤਾ ਜਾਵੇਗਾ ਅਤੇ ਵਿੱਦਿਅਕ ਅਦਾਰਿਆਂ ਦੀਆਂ ਸਰਵਉੱਤਮ ਰਵਾਇਤਾਂ ਅਤੇ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਿਆ ਜਾਵੇਗਾ। ਯੂਨੀਅਨ ਦੇ ਨੇਤਾਵਾਂ ਨੇ ਵਿੱਦਿਅਕ ਅਦਾਰਿਆਂ ਦੀ ਤਰੱਕੀ ਲਈ ਸਟਾਫ਼ ਵੱਲੋਂ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ।