ਬਰਨਾਲਾ/ਚੰਡੀਗੜ੍ਹ, 11 ਅਪ੍ਰੈਲ
ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਪੰਜਾਬ ਅਤੇ ਦਲਿਤ ਵਿਰੋਧੀ ਕਰਾਰ ਦਿੱਤਾ ਹੈ।
ਕੁਲਵੰਤ ਪੰਡੋਰੀ ਨੇ ਕਿਹਾ ਕਿ ਪੰਨੂ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਲਈ ਅਜਿਹੇ ਬਿਆਨ ਦੇ ਰਿਹਾ ਹੈ ਪਰ ਉਹ ਸਫਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰਪਤਵੰਤ ਪੰਨੂ ਨੂੰ ਡਾ. ਅੰਬੇਡਕਰ ਵਿਰੁੱਧ ਬੋਲਣ ਦੀ ਬਜਾਏ ਉਨ੍ਹਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਹ ਬਾਬਾ ਸਾਹਿਬ ਦੇ ਜੀਵਨ ਦੀ ਯਾਤਰਾ ਅਤੇ ਸੰਘਰਸ਼ਾਂ ਬਾਰੇ ਜਾਣ ਸਕੇ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਡਾ. ਅੰਬੇਡਕਰ ਬਾਰੇ ਜਾਣਦਾ ਹੈ, ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਉਨ੍ਹਾਂ ਵਿਰੁੱਧ ਨਹੀਂ ਬੋਲ ਸਕਦਾ।
ਸ਼ੁੱਕਰਵਾਰ ਨੂੰ ਬਰਨਾਲਾ ਵਿੱਚ 'ਆਪ' ਵਿਧਾਇਕ ਕੁਲਵੰਤ ਪੰਡੋਰੀ ਅਤੇ ਲਾਭ ਸਿੰਘ ਉਗੋਕੇ ਨੇ ਸਥਾਨਕ ਪਾਰਟੀ ਆਗੂਆਂ ਨਾਲ ਮਿਲ ਕੇ ਇਸ ਮੁੱਦੇ 'ਤੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਅਤੇ ਪੰਨੂ ਦੇ ਬਿਆਨ ਦਾ ਸਖ਼ਤ ਵਿਰੋਧ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਹਰਿੰਦਰ ਸਿੰਘ ਧਾਲੀਵਾਲ ਵੀ ਮੌਜੂਦ ਸਨ।
ਮੀਡੀਆ ਨੂੰ ਸੰਬੋਧਨ ਕਰਦਿਆਂ ਕੁਲਵੰਤ ਪੰਡੋਰੀ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ। ਸਾਡੇ ਗੁਰੂਆਂ ਨੇ ਮਨੁੱਖਤਾ ਅਤੇ ਸਮਾਨਤਾ ਦੀ ਗੱਲ ਕੀਤੀ ਹੈ। ਸਿੱਖ ਧਰਮ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ। ਪੰਨੂ ਨੂੰ ਸਿੱਖ ਧਰਮ ਦਾ ਗਿਆਨ ਨਹੀਂ ਹੈ, ਇਸੇ ਲਈ ਉਹ ਅਜਿਹੀਆਂ ਘਟੀਆ ਗੱਲਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਰੰਗਰੇਟੇ ਗੁਰੂ ਦੇ ਬੇਟੇ ਕਿਹਾ ਸੀ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਿਰਫ਼ ਦਲਿਤਾਂ ਦੇ ਨਹੀਂ ਹਨ। ਭਾਰਤ ਦੀਆਂ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਸੰਵਿਧਾਨ ਰਾਹੀਂ, ਉਨ੍ਹਾਂ ਨੇ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਸਮੇਤ ਸਾਰੇ ਪਛੜੇ ਅਤੇ ਵਾਂਝੇ ਲੋਕਾਂ ਨੂੰ ਅਧਿਕਾਰ ਦਿੱਤੇ। ਉਨ੍ਹਾਂ ਦੁਆਰਾ ਲਿਖੇ ਗਏ ਸੰਵਿਧਾਨ ਦੀ ਪੂਰੀ ਦੁਨੀਆ ਵਿੱਚ ਚਰਚਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੂੰ ਮੰਨਣ ਵਾਲੇ ਲੋਕ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹਨ। ਇਸ ਲਈ ਉਨ੍ਹਾਂ ਦੇ ਖ਼ਿਲਾਫ਼ ਬੋਲਣ ਨਾਲ ਉਨ੍ਹਾਂ ਦੀ ਪ੍ਰਤਿਸ਼ਠਾ ਕਦੇ ਵੀ ਘੱਟ ਨਹੀਂ ਹੋਵੇਗੀ।
'ਆਪ' ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਭਗੌੜੇ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਜਯੰਤੀ 'ਤੇ, ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅਤੇ ਆਗੂ ਸੂਬੇ ਭਰ ਵਿੱਚ ਉਨ੍ਹਾਂ ਦੇ ਬੁੱਤਾਂ ਦੀ ਝੰਡਿਆਂ ਅਤੇ ਡੰਡਿਆਂ ਨਾਲ ਰੱਖਿਆ ਕਰਨਗੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਢੁਕਵਾਂ ਜਵਾਬ ਦੇਣਗੇ।