ਜੀਰਕਪੁਰ 16 ਅਪ੍ਰੈਲ ਵਿੱਕੀ ਭਬਾਤ
ਜੀਰਕਪੁਰ ਦੀ ਸ਼ਿਵਾ ਇਨਕਲੇਵ ਕਲੌਨੀ ਵਿਖੇ ਦਿਨ ਦਿਹਾੜੇ ਲੁਟੇਰੇ ਬੰਦੂਕ ਦੀ ਨੋਕ ਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਦੋ ਮੋਟਰ ਸਾਈਕਲਾਂ ਤੇ ਆਏ 4 ਲੁਟੇਰਿਆਂ ਨੇ 5 ਮਿੰਟ ਵਿੱਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਜੀਰਕਪੁਰ ਵਿੱਚ ਲੁੱਟ ਦੀ ਇਹ ਪਹਿਲੀ ਘਟਨਾ ਨਹੀ ਹੈ।ਕਰੀਬ 4-5 ਮਹੀਨੇ ਪਹਿਲਾਂ ਵੀ ਲੋਹਗੜ੍ਹ ਵਿਖੇ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਾਈ ਗਈ ਸੀ ਅਤੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ।ਮੌਕੇ ਤੇ ਪਹੁੰਚ ਕੇ ਪੁਲਿਸ ਨੇ ਸਬੂਤ ਇਕੱਠੇ ਕੀਤੇ।ਥਾਣਾ ਮੁਖੀ ਅਨੁਸਾਰ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਗੁੱਡੂ ਦੀ ਹੱਟੀ ਦੇ ਮਾਲਕ ਸੌਰਭ ਵਰਮਾ ਵਾਸੀ ਪਿੰਡ ਭਬਾਤ ਨੇ ਦੱਸਿਆ ਕਿ ਉਸਦੀ ਸ਼ਿਵਾ ਇਨਕਲੇਵ ਵਿਖੇ ਗੁੱਡੂ ਦੀ ਹੱਟੀ ਨਾਮਕ ਸੁਨਿਆਰੇ ਦੀ ਦੁਕਾਨ ਹੈ। ਦੁਪਹਿਰ ਕਰੀਬ 3 ਵਜੇ ਜਦੋਂ ਉਹ ਆਪਣੀ ਦੁਕਾਨ ਤੇ ਇਕੱਲਾ ਹੀ ਸੀ ਕਿ ਦੋ ਸਰਦਾਰ ਨੌਜਵਾਨ ਜਿਨਾਂ ਨੇ ਆਪਣੇ ਮੂਹ ਢਕੇ ਹੋਏ ਸੀ ਉਸਦੀ ਦੁਕਾਨ ਵਿੱਚ ਆਏ ਅਤੇ ਅੰਦਰ ਆਉਂਦੇ ਹੀ ਉਸ ਤੇ ਬੰਦੂਕ ਤਾਣ ਦਿੱਤੀ ਅਤੇ ਉਸਤੋਂ ਸੋਨੇ ਦੇ ਗਹਿਣੇ ਦੀ ਮੰਗ ਕੀਤੀ। ਉਸਨੇ ਦੱਸਿਆ ਕਿ ਜਦੋਂ ਉਸਨੇ ਕੈਮਰੇ ਲੱਗੇ ਦੇਖੇ ਤਾਂ ਕੈਮਰਾ ਵੀ ਤੋੜ ਦਿੱਤਾ। ਉਨ੍ਹਾਂ ਨੇ ਗੱਲੇ ਵਿੱਚ ਪਏ ਕਰੀਬ 75 ਹਜਾਰ ਰੁਪਏ, ਚਾਂਦੀ ਦੀਆਂ ਅੰਗੂਠੀਆਂ ਦਾ ਡੱਬਾ ਅਤੇ ਚਾਂਦੀ ਦੇ ਹੋਰ ਗਹਿਣੇ ਲੁੱਟ ਲਏ ਅਤੇ ਤਿਜੋਰੀ ਦੀਆਂ ਚਾਬੀਆਂ ਲੈ ਕੇ ਤਿਜੋਰੀ ਖੋਲਣ ਦੀ ਕੋਸ਼ਿਸ ਕੀਤੀ। ਪਰ ਉਨਾਂ ਕੋਲੋ ਤਿਜੋਰੀ ਨਹੀ ਖੁੱਲੀ। ਸੌਰਭ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਤਿਜੋਰੀ ਖੋਲਣ ਲਈ ਕਿਹਾ ਅਤੇ ਕਿਹਾ ਕਿ ਜਿਨੇ ਵੀ ਸੋਨੇ ਦੇ ਗਹਿਣੇ ਹਨ ਉਸ ਦੇ ਹਵਾਲੇ ਕਰ ਦਵੇ। ਉਸ ਨੇ ਦੱਸਿਆ ਕਿ ਲੁਟੇਰਿਆਂ ਨੂੰ ਕਿਹਾ ਕਿ ਉਹ ਸੋਨੇ ਦੇ ਗਹਿਣੇ ਨਹੀ ਵੇਚਦਾ।ਉਸ ਨੇ ਕਿਹਾ ਕਿ ਉਹ ਉਸ ਦੇ ਗਲੇ ਵਿੱਚ ਪਈ ਸੋਨੇ ਦੀ ਚੇਨੀ ਵੀ ਉਤਰਵਾ ਕੇ ਲੈ ਗਏ ਅਤੇ ਧਮਕੀ ਦੇ ਕੇ ਗਏ ਕਿ ਜੇਕਰ ਰੌਲਾ ਪਾਇਆ ਤਾਂ ਗੋਲੀ ਮਾਰ ਦੇਣਗੇ।ਮੌਕੇ ਤੇ ਪੁੱਝ ਕੇ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜਸਕੰਵਲ ਸਿੰਘ ਸ਼ੇਖੋਂ ਨੇ ਕਿਹਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।