ਮਹਿਲ ਕਲਾਂ, 17 ਅਪ੍ਰੈਲ (ਕੁਲਵਿੰਦਰ ਸਿੰਘ ਬਿੱਟੂ)
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਾਰਜਕਾਰੀ ਸਿਵਲ ਸਰਜਨ ਬਰਨਾਲਾ ਡਾ. ਗੁਰਮਿੰਦਰ ਕੌਰ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਮਹਿਲ ਕਲਾਂ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਬੱਚਿਆਂ ਅਤੇ ਸਟਾਫ ਨੂੰ ਡੇਂਗੂ ਅਤੇ ਮਲੇਰੀਆ ਬੁਖਾਰ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਸਿਹਤ ਸਟਾਫ ਵਲੋਂ ਗਤੀਵਿਧੀਆਂ ਜਾਰੀ ਹਨ।
ਇਸ ਬਾਰੇ ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਵਿਖੇ ਜਾਣਕਾਰੀ ਦਿੰਦੇ ਹੋਏ ਐੱਸ ਆਈ ਸ੍ਰੀ ਮਦਨ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਡੇਂਗੂ ਅਤੇ ਮਲੇਰੀਆ ਬੁਖਾਰ ਦੇ ਕਾਰਨ, ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਆਦਿ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ ਜ਼ਰੂਰ ਸੁਕਾਉਣਾ ਚਾਹੀਦਾ ਹੈ। ਸਰੀਰ ਨੂੰ ਢਕ ਕੇ ਰੱਖਣ, ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰਨ ਆਦਿ ਤਰੀਕੇ ਵਰਤ ਕੇ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਖੇ ਜਾਣਕਾਰੀ ਦਿੰਦੇ ਹੋਏ ਹੈਲਥ ਵਰਕਰ ਬੂਟਾ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਡੇਂਗੂ ਬਾਰੇ ਜਾਗਰੂਕਤਾ ਸੰਬੰਧੀ ਪੋਸਟਰ ਅਤੇ ਪੈਂਫਲਟ ਵੰਡੇ ਗਏ। ਇਸ ਮੌਕੇ ਵੱਖ ਵੱਖ ਸਿਹਤ ਕੇਂਦਰਾਂ ਹੈਲਥ ਸੁਪਰਵਾਈਜ਼ਰ ਅਤੇ ਵਰਕਰ ਮੌਜੂਦ ਸਨ।